ਸਾਬਕਾ ਮੰਤਰੀ ਤ੍ਰਿਪਤ ਬਾਜਵਾ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਦੀ ਰਾਡਾਰ ’ਤੇ ਸਾਬਕਾ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਮੰਤਰੀ ਤ੍ਰਿਪਤ ਬਾਜਵਾ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਦੀ ਰਾਡਾਰ ’ਤੇ ਸਾਬਕਾ ਮੰਤਰੀ

image

ਚੰਡੀਗੜ੍ਹ, 12 ਅਗੱਸਤ (ਚਰਨਜੀਤ ਸਿੰਘ ਸੁਰਖਾਬ) : ਪੰਜਾਬ ਦੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਮੰਤਰੀ ’ਤੇ ਪੰਚਾਇਤੀ ਜ਼ਮੀਨ ਦੀ 28 ਕਰੋੜ ਰੁਪਏ ਦੀ ਵਿਕਰੀ ’ਚ ਧਾਂਦਲੀ  ਕਰਨ ਦਾ ਦੋਸ਼ ਲੱਗੇ ਹਨ, ਜਿਸਦੇ ਚੱਲਦੇ ਤ੍ਰਿਪਤ ਬਾਜਵਾ  ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਦੀ ਰਡਾਰ ’ਤੇ ਹਨ।
 ਮੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਤੇਜ਼ ਕਰਨ ਦੇ ਹੁਕਮ ਦਿਤੇ ਹਨ। ਜ਼ਿਕਰਯੋਗ ਹੈ ਕਿ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਸੀ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਸਮੇਂ ਬਾਜਵਾ ਨੇ ਜੀ.ਟੀ ਰੋਡ ’ਤੇ ਪੈਂਦੇ ਪਿੰਡ ਭਾਗੂਪੁਰਾ ਦੀ ਪੰਚਾਇਤੀ ਜ਼ਮੀਨ ਨੂੰ ਵੇਚਣ ਦੀ ਇਜਾਜ਼ਤ ਦਿਤੀ ਸੀ। ਦੋਸ਼ ਹੈ ਕਿ ਬਾਜਵਾ ਵਲੋਂ ਕਰੀਬ 7 ਕਰੋੜ ਰੁਪਏ ਪ੍ਰਤੀ ਏਕੜ ਜ਼ਮੀਨ ਸਿਰਫ਼ 43 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਣ ਦੀ ਇਜਾਜ਼ਤ ਦਿਤੀ ਗਈ।
ਜਾਣਕਾਰੀ ਅਨੁਸਾਰ ਇਕ ਅਕਾਲੀ ਸਰਪੰਚ ਨੇ 2015 ਵਿਚ ਵਿਕਰੀ ਲਈ ਪ੍ਰਸਤਾਵ ਪੇਸ਼ ਕੀਤਾ ਸੀ। ਸਾਬਕਾ ਕਾਂਗਰਸੀ ਮੰਤਰੀ ਨੇ ਕਥਿਤ ਤੌਰ ’ਤੇ ਕਾਲੋਨਾਈਜ਼ਰ ਨਾਲ ਮਿਲੀਭੁਗਤ ਕਰਕੇ ਸੜਕਾਂ ਅਤੇ ਵਾਟਰ ਚੈਨਲਾਂ ਨੂੰ ਮਹਿਜ਼ 43 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਣ ਦਿਤਾ। ਜਦੋਂਕਿ ਜ਼ਮੀਨ ਦੀ ਮਾਰਕੀਟ ਕੀਮਤ 7.5 ਕਰੋੜ ਰੁਪਏ ਪ੍ਰਤੀ ਏਕੜ ਸੀ। ਦਸਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਹਾਰ ਤੋਂ ਇਕ ਦਿਨ ਬਾਅਦ ਬਾਜਵਾ ਨੇ ਫਾਈਲ ’ਤੇ ਦਸਤਖਤ ਕੀਤੇ ਸਨ। ਉਸ ਸਮੇਂ ਦੌਰਾਨ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਸੀ।
ਧਿਆਨ ਯੋਗ ਹੈ ਕਿ ਕਾਂਗਰਸ ਦੀ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿਚ ਹਨ। ਸਾਬਕਾ ਮੰਤਰੀ ਸੰਗਤ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੀ ਐਫਆਈਆਰ ਦਰਜ ਹੈ। ਇਸ ਦੇ ਨਾਲ ਹੀ ਠੇਕੇਦਾਰਾਂ ਦੀ ਸ਼ਿਕਾਇਤ ’ਤੇ ਖੁਰਾਕ ਤੇ ਸਪਲਾਈ ਵਿਭਾਗ ’ਚ 2000 ਕਰੋੜ ਦੇ ਟੈਂਡਰਾਂ ਦੇ ਕਥਿਤ ਘਪਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਭੂਮਿਕਾ ਦੀ ਵੀ ਜਾਂਚ ਚੱਲ ਰਹੀ ਹੈ ਅਤੇ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸਰਕਾਰੀ ਜ਼ਮੀਨ ਵੇਚਣ ਦੀ ਜਾਂਚ ਦੇ ਘੇਰੇ ਵਿਚ ਹੈ।