Barnala News : ਪਿਛਲੇ 5- 6 ਸਾਲਾਂ ਤੋਂ ਤੀਆਂ ਲਗਾਉਣ ਦਾ ਕਰੇਜ ਤਾਂ ਵੱਧ ਗਿਆ ਪਰ ਤੀਆਂ 'ਚ ਧੀਆਂ ਦੀ ਘਾਟ ਮਹਿਸੂਸ ਹੁੰਦੀ ਹੈ -ਮਨਪ੍ਰੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਸਮੇਸ਼ ਯੁਵਕ ਸੇਵਾਵਾਂ ਕਲੱਬ ਬਦਰਾ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

Tea Festival at Badra

Barnala News : ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਵਿਖੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ਬਦਰਾ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਮੌਕੇ 'ਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਚ ਨੂੰਹਾਂ, ਧੀਆਂ ਅਤੇ ਛੋਟੀ ਬੱਚੀਆਂ ਨੇ ਗਿੱਧਾ, ਬੋਲੀਆਂ ਪਾ ਕੇ ਖੂਬ ਰੰਗ ਬੰਨਿਆਂ ਅਤੇ ਗੀਤਾਂ 'ਤੇ ਨੱਚ ਕੇ ਆਪਣਾ ਚਾਅ ਪੂਰਾ ਕੀਤਾ। 

ਇਸ ਮੌਕੇ ਯੁਵਕ ਸੇਵਾਵਾਂ ਕਲੱਬ ਦੀ ਪ੍ਰਧਾਨ ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਬਦਰਾ ਵਿਖੇ ਪਹਿਲਾਂ ਕਦੇ ਵੀ ਤੀਆਂ ਨਹੀਂ ਲਗਦੀਆਂ ਸਨ ਪਰ ਹੋਰ ਪਿੰਡਾਂ ਵਿੱਚ ਤੀਆਂ ਲੱਗਦੀਆਂ ਦੇਖ ਸਾਡੇ ਵੀ ਦਿਲ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦਾ ਵਿਚਾਰ ਆਇਆ ਅਤੇ ਪਿੰਡ ਦੇ ਸਹਿਯੋਗ ਨਾਲ ਦਸਮੇਸ਼ ਯੁਵਕ ਸੇਵਾਵਾਂ ਕਲੱਬ ਬਦਰਾ ਵੱਲੋਂ ਪਿਛਲੇ ਸਾਲ ਤੋਂ ਇਹ ਤਿਉਹਾਰ ਮਨਾਇਆ ਜਾਂਦਾ ਹੈ। 

ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 5- 6 ਸਾਲਾਂ ਤੋਂ ਤੀਆਂ ਲਗਾਉਣ ਦਾ ਕਰੇਜ ਬਹੁਤ ਵਧ ਗਿਆ ਹੈ ਪਰ ਤੀਆਂ ਵਿੱਚ ਧੀਆਂ ਦੀ ਘਾਟ ਮਹਿਸੂਸ ਹੁੰਦੀ ਹੈ। ਇਸ ਲਈ ਤੀਆਂ ਦੇ ਨਾਲ ਧੀਆਂ ਨੂੰ ਬਚਾਉਣ ਦੀ ਲੋੜ ਹੈ। ਇਸ ਲਈ ਸਾਨੂੰ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਨਾਲ ਹੀ ਕਿਹਾ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੇ ਪ੍ਰੋਗਰਾਮ ਹਰੇਕ ਪਿੰਡ ਪੱਧਰ 'ਤੇ ਕਰਵਾਉਣ ਦੀ ਜਰੂਰਤ ਹੈ ਤਾਂ ਕਿ ਪੰਜਾਬੀ ਵਿਰਸੇ ਨੂੰ ਸੰਭਾਲਿਆ ਜਾ ਸਕੇ।

ਇਸ ਮੌਕੇ ਸਤਨਾਮ ਸਿੰਘ, ਜਸਵੀਰ ਸਿੰਘ ਮੈਂਬਰ, ਮਿਸਤਰੀ ਪਰਮਜੀਤ ਸਿੰਘ, ਡਾਕਟਰ ਜਸਵਿੰਦਰ ਸਿੰਘ, ਜਗਰਾਜ ਸਿੰਘ, ਜੈਕੀ ਸੇਠ , ਬਿੱਲੂ ਮਹੰਤ, ਨਿੰਮਾ ਭੁੱਲਰ ਅਤੇ ਕਾਲਾ ਪ੍ਰਧਾਨ ਆਦਿ ਹਾਜ਼ਰ ਸਨ।