Fatehgarh Sahib News : ਨੈਣਾ ਦੇਵੀ ਮੱਥਾ ਟੇਕ ਕੇ ਵਾਪਸ ਪਰਤ ਰਹੇ ਸ਼ਰਧਾਲੂ ਨਾਲ ਵਾਪਰਿਆ ਹਾਦਸਾ , ਮੌਕੇ 'ਤੇ ਹੋਈ ਮੌਤ , 5 ਹੋਰ ਜ਼ਖਮੀ
ਮਹਿੰਦਰਾ ਪਿਕਅੱਪ ਗੱਡੀ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਇਹ ਹਾਦਸਾ
Fatehgarh Sahib News : ਫਤਿਹਗੜ੍ਹ ਸਾਹਿਬ ਦੇ ਤਰਖਾਣ ਮਾਜਰਾ 'ਚ ਇੱਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਨੈਣਾ ਦੇਵੀ ਤੋਂ ਪਰਤ ਰਹੇ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਅਤੇ 5 ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਮਹਿੰਦਰਾ ਪਿਕਅੱਪ ਗੱਡੀ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।
ਡਰਾਈਵਰ ਪੁਲ ਦੇ ਹੇਠਾਂ ਗੱਡੀ ਬੈਕ ਕਰ ਰਿਹਾ ਸੀ। ਉੱਥੇ ਲੋਹੇ ਦੇ ਗਾਡਰ ਲਗਾਏ ਗਏ ਸਨ। ਸ਼ਰਧਾਲੂ ਦੇ ਸਿਰ 'ਤੇ ਗਰਡਰ ਵੱਜਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਵਾਸੀ ਪਿੰਡ ਅਕਬਰਪੁਰ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਛੋਟਾ ਸਿੰਘ, ਕਸ਼ਮੀਰ ਸਿੰਘ ਅਤੇ ਖੁਸ਼ਵੀਰ ਸਿੰਘ ਸ਼ਾਮਲ ਹਨ।
ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਲੋਕਾਂ ਨਾਲ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ 'ਚ ਮੱਥਾ ਟੇਕਣ ਗਿਆ ਸੀ ਅਤੇ ਪਿਕਅੱਪ ਗੱਡੀ ਮੰਗਤ ਰਾਮ ਚਲਾ ਰਿਹਾ ਸੀ। ਵਾਪਸ ਆਉਂਦੇ ਸਮੇਂ ਜਦੋਂ ਉਹ ਜੀ.ਟੀ.ਰੋਡ 'ਤੇ ਪਿੰਡ ਤਰਖਾਣਮਾਜਰਾ ਨੇੜੇ ਪਹੁੰਚੇ ਤਾਂ ਤੇਜ਼ ਮੀਂਹ ਪੈ ਰਿਹਾ ਸੀ।
ਜਦੋਂ ਡਰਾਈਵਰ ਤਰਖਾਣ ਮਾਜਰਾ ਪੁਲ ਦੇ ਹੇਠਾਂ ਗੱਡੀ ਨੂੰ ਪਾਰ ਕਰਨ ਲੱਗਾ ਤਾਂ ਸਾਹਮਣੇ ਤੋਂ ਇੱਕ ਹੋਰ ਵਾਹਨ ਆ ਗਿਆ। ਜਦੋਂ ਉਸ ਨੇ ਆਪਣੀ ਗੱਡੀ ਨੂੰ ਪਿੱਛੇ ਕੀਤਾ ਤਾਂ ਗੱਡੀ ਦੇ ਪਿੱਛੇ ਬੈਠੇ ਰਾਜਪਾਲ ਸਿੰਘ ਦਾ ਸਿਰ ਲੋਹੇ ਦੇ ਗਰਡਰ ਨਾਲ ਵੱਜਿਆ ਅਤੇ ਉਸ ਦੀ ਗਰਦਨ ਦੀ ਟੁੱਟ ਗਈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਰਾਜਪਾਲ ਸਿੰਘ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।