Jalandhar News : 200 ਕਰੋੜ ਦੇ ਡਰੱਗ ਰੈਕੇਟ ਮਾਮਲੇ 'ਚ ਅਦਾਲਤ ਨੇ ਰਾਜਾ ਕੰਡੌਲਾ ਨੂੰ 9 ਸਾਲ ਤੇ ਪਤਨੀ ਨੂੰ 3 ਸਾਲ ਦੀ ਸਜ਼ਾ ਸੁਣਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਸਾਲ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ

Raja Kandola

 Jalandhar News : 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਣਜੀਤ ਸਿੰਘ ਰਾਜਾ ਕੰਡੌਲਾ ਤੇ ਉਸਦੀ ਪਤਨੀ ਰਾਜਵੰਤ ਕੌਰ ਖਿਲਾਫ਼ ਅੱਜ ਜਲੰਧਰ ਦੀ ਅਦਾਲਤ ਵਿੱਚ ਸੁਣਵਾਈ ਹੋਈ ਹੈ। ਜਿੱਥੇ ਅਦਾਲਤ ਨੇ ਰਾਜਾ ਕੰਡੌਲਾ ਤੇ ਉਸ ਦੀ ਪਤਨੀ ਰਾਜਵੰਤ ਕੌਰ ਨੂੰ ਡਰੱਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। 

ਅਦਾਲਤ ਨੇ ਰਾਜਾ ਕੰਡੌਲਾ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਉਸ ਦੀ ਪਤਨੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਰਾਜਾ ਕੰਦੌਲਾ ਨੂੰ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਹ ਸੁਣਵਾਈ ਸੈਸ਼ਨ ਜੱਜ ਨਿਰਭੈ ਸਿੰਘ ਗਿੱਲ ਦੀ ਅਦਾਲਤ ਵਿੱਚ ਹੋਈ ਹੈ। 

ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 6 ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਗਈ, ਜਦਕਿ ਰਾਜਾ ਕੰਡੌਲਾ ਦੀ ਪਤਨੀ ਰਾਜਵੰਤ ਕੌਰ ਨੂੰ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।  

ਈਡੀ ਦੀ ਤਰਫ਼ੋਂ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਖ਼ੁਦ ਅਦਾਲਤ ਵਿੱਚ ਹਾਜ਼ਰ ਸਨ। ਦੂਜੇ ਪਾਸੇ ਰਾਜਾ ਕੰਦੋਲਾ ਵੱਲੋਂ ਸੀਨੀਅਰ ਵਕੀਲ ਮਨਦੀਪ ਸਚਦੇਵਾ ਪੇਸ਼ ਹੋਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ 2012 ਤੋਂ ਚੱਲ ਰਹੀ ਸੀ। ਜਿਸ ਤੋਂ ਬਾਅਦ 2015 ਵਿੱਚ ਚਾਰਜਸ਼ੀਟ ਫਾਈਲ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਵਿੱਚ ਕੇਸ ਦਾ ਫੈਸਲਾ ਆ ਗਿਆ ਹੈ।10 ਸਾਲ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। 

ਦੱਸ ਦੇਈਏ ਕਿ ਜੂਨ 2012 ਵਿੱਚ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਰਗਨਾ ਰਣਜੀਤ ਸਿੰਘ ਰਾਜਾ ਕੰਡੌਲਾ ਨੂੰ ਕਰੋੜਾਂ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਸੀ। ਨਸ਼ੀਲੇ ਪਦਾਰਥਾਂ ਦੇ ਕਾਰੋਬਾਰ 'ਚ ਵਿਦੇਸ਼ੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਕਰੋੜਾਂ ਰੁਪਏ ਦੇ ਡਰੱਗ ਮਨੀ ਦੇ ਲੈਣ-ਦੇਣ ਦੇ ਕਈ ਲਿੰਕ ਵੀ ਸਾਹਮਣੇ ਆਏ ਸਨ।