ਐਡਵੋਕੇਟ ਹਰਜਿੰਦਰ ਧਾਮੀ ਵਲੋਂ ਅਮਰੀਕਾ ’ਚ ਬਜ਼ੁਰਗ ਸਿੱਖ ’ਤੇ ਹੋਏ ਨਸਲੀ ਹਮਲੇ ਦੀ ਨਿੰਦਾ
ਕੈਲੀਫੋਰਨੀਆ ਵਿਚ ਸਿੱਖ ਬਜ਼ੁਰਗ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦੇਣ ਦੀ ਖ਼ਬਰ ਮੰਦਭਾਗੀ ਹੈ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਅੰਦਰ ਕੈਲੀਫੋਰਨੀਆ ਦੇ ਨਾਰਥ ਹਾਲੀਵੁੱਡ ਵਿਚ ਸ. ਹਰਪਾਲ ਸਿੰਘ ਨਾਂਅ ਦੇ ਇਕ ਬਜ਼ੁਰਗ ਸਿੱਖ ’ਤੇ ਹੋਏ ਨਸਲੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੈਲੀਫੋਰਨੀਆ ਵਿਚ ਸਿੱਖ ਬਜ਼ੁਰਗ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦੇਣ ਦੀ ਖ਼ਬਰ ਮੰਦਭਾਗੀ ਹੈ।
ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਦੇਸ਼ਾਂ ਅੰਦਰ ਸਿੱਖ ਉੱਚ ਪਦਵੀਆਂ ’ਤੇ ਕਾਰਜ ਕਰ ਰਹੇ ਹਨ ਅਤੇ ਉਹ ਜਿਸ ਵੀ ਖਿੱਤੇ ਵਿਚ ਵੱਸੇ ਹਨ, ਉਨ੍ਹਾਂ ਨੇ ਉਥੋਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿਰੁੱਧ ਅਜਿਹੀਆਂ ਨਫ਼ਰਤੀ ਘਟਨਾਵਾਂ ਵਾਪਰਣ ਨਾਲ ਕੌਮ ਅੰਦਰ ਰੋਸ ਪੈਦਾ ਹੋਣਾ ਕੁਦਰਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਸਿੱਖਾਂ ’ਤੇ ਵਿਦੇਸ਼ਾਂ ’ਚ ਨਸਲੀ ਹਮਲੇ ਹੋਣਾ ਬਹੁਤ ਮੰਦਭਾਗੇ ਹਨ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ।