ਜ਼ੀਰਕਪੁਰ ਦੇ ਪਰਮਾਰ ਪੈਟਰੋਲ ਪੰਪ ’ਤੇ ਵਿਕ ਰਿਹਾ ਪਾਣੀ ਮਿਲਿਆ ਪੈਟਰੋਲ
ਲੋਕਾਂ ਵੱਲੋਂ ਪੈਟਰੋਲ ਪੰਪ ’ਤੇ ਕੀਤਾ ਗਿਆ ਹੰਗਾਮਾ
Zirakpur Parmar petrol pump news : ਜ਼ੀਰਕਪੁਰ ’ਚ ਪਟਿਆਲਾ ਲਾਈਟ ਪੁਆਇੰਟ ਨੇੜੇ ਸਥਿਤ ਪਰਮਾਰ ਪੈਟਰੋਲ ਪੰਪ ’ਤੇ ਪਾਣੀ ਮਿਲਿਆ ਪੈਟਰੋਲ ਪਾਉਣ ਕਾਰਨ ਹੰਗਾਮਾ ਹੋਇਆ। ਜਦੋਂ ਵਾਹਨ ਮਾਲਕ ਆਪਣੇ ਵਾਹਨਾਂ ’ਚੋਂ ਪਾਣੀ ਮਿਲਿਆ ਪੈਟਰੋਲ ਕੱਢ ਕੇ ਪੈਟਰੋਲ ਪੰਪ ’ਤੇ ਪਹੁੰਚੇ ਤਾਂ ਮੈਨੇਜਰ ਨੇ ਕਿਹਾ ਕਿ ਪੈਟਰੋਲ ਵਿੱਚ ਈਥਾਨੌਲ ਮਿਲਾਇਆ ਹੋਇਆ ਹੈ।
ਇਸ ਤੋਂ ਬਾਅਦ ਜਦੋਂ ਪੈਟਰੋਲ ਪੰਪ ’ਤੇ ਹੰਗਾਮਾ ਵਧ ਗਿਆ ਤਾਂ ਪੈਟਰੋਲ ਪੰਪ ਮਾਲਕਾਂ ਨੇ ਲੋਕਾਂ ਦੇ ਪੈਸੇ ਵਾਪਸ ਕਰਕੇ ਮਾਮਲੇ ਨੂੰ ਸ਼ਾਂਤ ਕੀਤਾ। ਇਸ ਮੌਕੇ ਮੌਜੂਦ ਲੋਕਾਂ ਨੇ ਕਿਹਾ ਕਿ ਅਜਿਹੇ ਪੈਟਰੋਲ ਪੰਪਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਪੈਟਰੋਲ ਦੀ ਬਜਾਏ ਪਾਣੀ ਵੇਚ ਰਹੇ ਹਨ। ਹੰਗਾਮਾ ਕਰਨ ਵਾਲੇ ਲੋਕਾਂ ਨੇ ਪੈਟਰੋਲ ਪੰਪ ਬੰਦ ਕਰਨ ਦੀ ਵੀ ਮੰਗ ਕੀਤੀ।
ਲੁਧਿਆਣਾ ਦੇ ਰਹਿਣ ਵਾਲੇ ਰਾਜ ਕੁਮਾਰ ਚੌਹਾਨ ਨੇ ਦੱਸਿਆ ਕਿ ਉਹ ਦਫ਼ਤਰ ਦੇ ਕੰਮ ਲਈ ਚੰਡੀਗੜ੍ਹ ਆਇਆ ਸੀ। ਜਦੋਂ ਉਹ ਵਾਪਸ ਜਾਣ ਲੱਗਾ ਤਾਂ ਉਸ ਨੇ ਚੰਡੀਗੜ੍ਹ-ਅੰਬਾਲਾ ਰੋਡ ’ਤੇ ਸਥਿਤ ਪਰਮਾਰ ਪੈਟਰੋਲ ਪੰਪ ਤੋਂ ਦੋ ਹਜ਼ਾਰ ਰੁਪਏ ਦਾ ਤੇਲ ਪਵਾਇਆ। ਜਦੋਂ ਮੈਂ ਗੱਡੀ ’ਚ ਤੇਲ ਪਵਾ ਕੇ ਢਾਈ ਕਿਲੋਮੀਟਰ ਅੱਗੇ ਗਿਆ ਤਾਂ ਮੇਰੀ ਗੱਡੀ ਬੰਦ ਹੋ ਗਈ। ਜਦੋਂ ਉਨ੍ਹਾਂ ਨੇ ਗੱਡੀ ਨੂੰ ਜ਼ੀਰਕਪੁਰ ਸਥਿਤ ਏਜੰਸੀ ਮੈਕੇਨਿਕ ਕੋਲੋਂ ਚੈਕ ਕਰਵਾਇਆ ਤਾਂ ਉਸ ਨੇ ਦੱਸਿਆ ਕਿ ਗੱਡੀ ’ਚ ਤੇਲ ਦੀ ਜਗ੍ਹਾ ਪਾਣੀ ਪਾਇਆ ਹੋਇਆ ਹੈ, ਜਿਸ ਕਾਰਨ ਗੱਡੀ ਬੰਦ ਹੋਈ ਹੈ।
ਜਦੋਂ ਉਹ ਇਸ ਦੀ ਸ਼ਿਕਾਇਤ ਲੈ ਕੇ ਪੈਟਰੋਲ ਪੰਪ ’ਤੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਹੀ ਦੋ ਐਕਟਿਵਾ ਸਵਾਰ ਵੀ ਇਸੇ ਮੁੱਦੇ ’ਤੇ ਪੰਪ ਮੈਨੇਜਰ ਨਾਲ ਲੜ ਰਹੇ ਸਨ। ਇਸ ਦੌਰਾਨ ਲੜ ਰਹੇ ਐਕਟਿਵਾ ਡਰਾਈਵਰ ਮੁਕੀਮ, ਅਬਰਾਰ ਅਤੇ ਨਿਜ਼ਾਮ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਐਕਟਿਵਾ ਵਿੱਚ ਤੇਲ ਪਵਾਇਆ ਸੀ, ਥੋੜ੍ਹੀ ਦੂਰੀ ’ਤੇ ਜਾ ਕੇ ਰੁਕ ਗਈ। ਲੜਾਈ ਵਧਦੀ ਦੇਖ ਕੇ ਪੈਟਰੋਲ ਪੰਪ ਮੈਨੇਜਰ ਵਰਿੰਦਰ ਪਰਮਾਰ ਨੇ ਸਾਰੇ ਡਰਾਈਵਰਾਂ ਦੇ ਪੈਸੇ ਵਾਪਸ ਕਰ ਦਿੱਤੇ। ਕਾਰ ਡਰਾਈਵਰ ਰਾਜ ਕੁਮਾਰ ਨੇ ਕਿਹਾ ਕਿ ਪੈਸੇ ਵਾਪਸ ਕਰ ਦਿੱਤੇ ਜਾਣ ਨਾਲ ਕੰਮ ਨਹੀਂ ਚੱਲੇਗਾ। ਮੇਰੀ ਗੱਡੀ ਦੀ ਰਿਪੇਅਰ ਦਾ ਖਰਚਾ ਵੀ ਪੈਟਰੋਲ ਪੰਪ ਨੂੰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਕੰਪਨੀ ਦਾ ਨਾਮ ਵੀ ਖਰਾਬ ਕਰ ਰਹੇ ਹਨ ਅਤੇ ਅਜਿਹੇ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।