ਫੂਲਕਾ ਨੇ ਕਾਂਗਰਸ ਨਾਲ ਮਿਲ ਕੇ 300 ਕਰੋੜ ਦੀ ਜਾਇਦਾਦ ਬਣਾਈ : ਬੱਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਦੇ ਨਾਮੀ ਪੱਤਰਕਾਰ ਤੇ ਲਿਖਾਰੀ ਗੁਰਚਰਨ ਸਿੰਘ ਬੱਬਰ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ-ਦਾਖਾ ਤੋਂ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਉਘੇ ਵਕੀਲ............

Gurcharan Singh Babbar During Press Conference

ਚੰਡੀਗੜ੍ਹ : ਦਿੱਲੀ ਦੇ ਨਾਮੀ ਪੱਤਰਕਾਰ ਤੇ ਲਿਖਾਰੀ ਗੁਰਚਰਨ ਸਿੰਘ ਬੱਬਰ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ-ਦਾਖਾ ਤੋਂ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਉਘੇ ਵਕੀਲ ਹਰਵਿੰਦਰ ਸਿੰਘ ਫੂਲਕਾ 'ਤੇ ਸੰਗੀਨ ਦੋਸ਼ ਲਾਇਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਸਬੰਧੀ ਵਿਧਵਾਵਾਂ ਦੇ ਅਦਾਲਤੀ ਕੇਸ ਲੜਨ ਵਾਲੇ ਇਸ ਸਿਆਸੀ ਨੇਤਾ ਨੇ ਕਾਂਗਰਸ ਨਾਲ ਮਿਲੀ-ਭੁਗਤ ਕਰ ਕੇ 300 ਕਰੋੜ ਦੀ ਜਾਇਦਾਦ ਬਣਾਈ ਹੈ। 

ਆਲ-ਇੰਡੀਆ ਸਿੱਖ ਕਾਨਫ਼ਰੰਸ ਦੇ ਪ੍ਰਧਾਨ ਸ. ਬੱਬਰ ਅਤੇ ਇਸ ਸਿੱਖ ਜਥੇਬੰਦੀ ਦੇ ਹੋਰ ਅਹੁਦੇਦਾਰਾਂ ਅਸ਼ੋਕ ਸਿੰਘ, ਜਸਵੰਤ ਸਿੰਘ ਅਤੇ ਨਰੇਸ਼ ਮਲਹੋਤਰਾ ਨੇ ਪ੍ਰੈਸ ਕਲੱਬ ਵਿਚ ਮੀਡੀਆ ਨੂੰ ਦਸਿਆ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਚੀਫ਼ ਜਸਟਿਸ ਤੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਚਿੱਠੀ ਵਿਚ ਮੰਗ ਕੀਤੀ ਹੈ ਕਿ ਪੰਜ ਜੱਜਾਂ ਦਾ ਪੈਨਲ ਬਣਾ ਕੇ ਤਫ਼ਤੀਸ਼ ਕੀਤੀ ਜਾਵੇ ਕਿ  ਫੂਲਕਾ ਨੇ ਵਕੀਲ ਹੁੰਦਿਆਂ ਅਨਪੜ੍ਹ ਤੇ ਗ਼ਰੀਬ ਵਿਧਵਾਵਾਂ ਦੇ ਹਲਫ਼ਨਾਮੇ ਤਿਆਰ ਕਰਨ ਵੇਲੇ ਹਰਕਿਸ਼ਨ ਲਾਲ ਭਗਤ, ਅਰੁਣ ਨਹਿਰੂ, ਲਲਿਤ ਮਾਕਨ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗੇ ਕਾਤਲਾਂ ਦੇ ਨਾਮ ਦਰਜ ਕਿਉਂ ਨਹੀਂ ਕੀਤੇ?

ਬੱਬਰ ਨੇ ਕਿਹਾ ਕਿ ਅਦਾਲਤਾਂ ਵਿਚ ਕਿਸੇ ਵੀ ਪਟੀਸ਼ਨ ਵਿਚ ਫੂਲਕਾ ਨੇ ਕਤਲੇਆਮ, ਗੁਰਦੁਆਰਿਆਂ ਨੂੰ ਅੱਗਾਂ ਲਾਉਣ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਅਪਣੇ ਵਲੋਂ ਪਟੀਸ਼ਨ ਪਾਈ ਪਰ ਹੁਣ ਤਕ ਦਾਅਵਾ ਕਰਦੇ ਰਹੇ ਹਨ ਕਿ ਪੀੜਤ ਸਿੱਖ ਪਰਵਾਰਾਂ ਦੇ ਕੇਸ ਉਹ ਮੁਫ਼ਤ ਲੜਦੇ ਹਨ। ਸ. ਬੱਬਰ ਦਾ ਕਹਿਣਾ ਹੈ ਕਿ ਮਾਮੂਲੀ ਸਕੂਟਰ ਰੱਖਣ ਵਾਲੇ ਤੇ ਇਕ ਕਮਰੇ 'ਚ ਰਹਿਣ ਵਾਲੇ ਫੂਲਕਾ, ਅੱਜ ਉਚ ਅਹੁਦੇਦਾਰਾਂ ਦੀ ਮਿਹਰਬਾਨੀ ਨਾਲ ਲਗਜ਼ਰੀ ਕਾਰਾਂ ਤੇ ਦਿੱਲੀ ਦੀ ਪੌਸ਼ ਡਿਫ਼ੈਂਸ ਕਾਲੋਨੀ ਵਿਚ ਕਈ ਕੋਠੀਆਂ ਦੇ ਮਾਲਕ ਬਣੇ ਹਨ।

ਫੂਲਕਾ ਦੇ 'ਸਿੱਖ ਕੌਮ ਦੇ ਹਿਤੈਸ਼ੀ' ਹੋਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਅਤੇ ਇਸ ਐਡਵਕੇਟ ਦੀ ਅਦਾਲਤਾਂ ਵਿਚ ਪੇਸ਼ੀ ਨੂੰ 'ਨਿਰਾ ਡਰਾਮਾ' ਕਹਿੰਦੇ ਹੋਏ ਸ. ਬੱਬਰ ਨੇ ਸਪੱਸ਼ਟ ਕੀਤਾ ਕਿ ਇਸ ਨੇ ਕਿਸੇ ਵੀ ਸਿੱਖ ਵਿਧਵਾ ਦਾ ਕੇਸ ਜਾਂ ਪਟੀਸ਼ਨ ਕੋਰਟ ਵਿਚ ਦਾਖ਼ਲ ਨਹੀਂ ਕੀਤੀ। ਏਨੇ ਸਾਲਾਂ ਮਗਰੋਂ ਸ. ਫੂਲਕਾ ਦਾ ਪੋਲ ਖੋਲ੍ਹਣ ਨੂੰ ਅਪਣੀ ਗ਼ਲਤੀ ਮੰਨਦੇ ਹੋਏ ਅਤੇ ਇਸ ਦੀ ਮਾਫ਼ੀ ਮੰਗਦੇ ਹੋਏ ਆਲ ਇੰਡੀਆ ਕਾਨਫ਼ਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਫੂਲਕਾ ਪੰਜਾਬ ਤੇ ਦਿੱਲੀ ਵਿਚ ਘੁੰਮ-ਘੁੰਮ ਕੇ ਦਾਅਵੇ ਕਰਦੇ ਹਨ ਕਿ ਉਹ ਪੀੜਤ ਸਿੱਖਾਂ ਲਈ ਕੁਰਬਾਨੀ ਦੇ ਰਹੇ ਹਨ, ਇਹ ਸਾਰਾ ਨਾਟਕ ਹੈ।

ਉਨ੍ਹਾਂ ਪੁਛਿਆ ਕਿ ਜੇ ਫੂਲਕਾ ਦੀ ਕੋਈ ਫ਼ੈਕਟਰੀ ਨਹੀਂ, ਕੋਈ ਮਿੱਲ ਨਹੀਂ, ਨਾ ਹੀ ਬਿਜ਼ਨਸ ਹੈ, ਫਿਰ ਏਨੀ ਜਾਇਦਾਦ ਕਿਥੋਂ ਆਈ? 'ਰੋਜ਼ਾਨਾ ਸਪੋਕਸਮੈਨ' ਵਲੋਂ ਸੰਪਰਕ ਕਰਨ 'ਤੇ ਵਿਧਾਇਕ ਐਚ.ਐਸ. ਫੂਲਕਾ ਨੇ ਕਿਸੇ ਵੀ ਟਿਪਣੀ ਕਰਨ ਤੋਂ ਇਨਕਾਰ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਸ. ਬੱਬਰ ਨੇ ਇਹ ਸਾਰੇ ਦੋਸ਼ ਇਸ ਕਰ ਕੇ ਲਾਏ ਹਨ ਤਾਕਿ ਟਾਈਟਲਰ ਅਤੇ ਸੱਜਣ ਕੁਮਾਰ ਵਿਰੁਧ ਚਲ ਰਹੇ ਕੇਸਾਂ ਵਿਚ ਖੜੋਤ ਆ ਜਾਏ। ਸ. ਫੂਲਕਾ ਦਿੱਲੀ ਹਾਈ ਕੋਰਟ 'ਚ ਅਤੇ ਭਲਕੇ ਕਰ-ਕਰ ਡੂਮਾ ਅਦਾਲਤ ਵਿਚ ਇਨ੍ਹਾਂ ਕੇਸਾਂ ਦੀ ਪੈਰਵੀ ਕਰਨ 'ਚ ਰੁੱਝੇ ਹੋਏ ਸਨ।