ਪਾਪੜ ਵੇਚਣ ਵਾਲੇ ਗੁਰਸਿੱਖ ਬੱਚੇ ਦੇ ਮੁਰੀਦ ਹੋਏ ਕੈਪਟਨ, ਪੜ੍ਹੋ ਬੱਚੇ ਦਾ ਕੀ ਹੈ ਕਹਿਣਾ?

ਏਜੰਸੀ

ਖ਼ਬਰਾਂ, ਪੰਜਾਬ

ਕੀਰਤਨ ਪ੍ਰਮੋਸ਼ਨ ਟੀਮ ਨੇ ਸਭ ਤੋਂ ਪਹਿਲਾਂ ਉਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ

Manpreet Singh

ਅ੍ਰਮਿੰਤਸਰ- ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਗੁਰਸਿੱਖ ਬੱਚਾ ਸਾਈਕਲ ਤੇ ਪਾਪੜ ਵੇਚਣ ਦਾ ਕੰਮ ਕਰਦਾ ਸੀ। ਜਦੋਂ ਇਸ ਗੁਰਸਿੱਖ ਬੱਚੇ ਨੂੰ ਸੜਕ 'ਤੇ ਪਾਪੜ ਵੇਚਦਾ ਵੇਖ ਇਕ ਸਿੱਖ ਵਿਅਕਤੀ ਨੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਤਾਂ ਬੱਚੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਿਹਨਤ ਕਰ ਕੇ ਪੈਸੇ ਕਮਾਉਣ ਦੀ ਗੱਲ ਆਖੀ।

ਬੱਚੇ ਦੀ ਇਹ ਗੱਲ ਸੁਣ ਕੇ ਸਿੱਖ ਵਿਅਕਤੀ ਹੈਰਾਨ ਹੋ ਗਿਆ। ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਲੋਕਾਂ ਇਸ ਬੱਚੇ ਦੀ ਤਾਰੀਫ਼ ਕਰ ਰਹੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਬੱਚੇ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਮੁੱਖ ਮੰਤਰੀ ਨੇ ਇਸ ਬੱਚੇ ਦਾ ਸਿਦਕ ਦੇਖ ਕੇ ਇਸ ਦੀ ਮਦਦ ਕਰਨ ਲਈ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ।

ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਇਸ ਬੱਚੇ ਨਾਲ ਤੇ ਇਸ ਦੇ ਪਰਿਵਾਰ ਨਾਲ ਸਪੋਕਸਮੈਨ ਦੇ ਪੱਤਰਕਾਰ ਨੇ ਗੱਲਬਾਤ ਕੀਤੀ। ਬੱਚੇ ਦਾ ਨਾਮ ਮਨਪ੍ਰੀਤ ਸਿੰਘ ਹੈ ਗੱਲਬਾਤ ਦੌਰਾਨ ਬੱਚੇ ਨੇ ਦੱਸਿਆ ਕਿ ਇਕ ਕੀਰਤਨ ਪ੍ਰਮੋਸ਼ਨ ਟੀਮ ਨੇ ਸਭ ਤੋਂ ਪਹਿਲਾਂ ਉਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜਿੱਥੋਂ ਇਹ ਵੀਡੀਓ ਵਾਇਰਲ ਹੋਈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀਡੀਓ ਦੇਖਣ ਤੋਂ ਬਾਅਦ ਉਸ ਨੂੰ 5 ਲੱਖ ਦੇਣ ਦਾ ਐਲਾਨ ਕੀਤਾ।

ਬੱਚੇ ਦਾ ਕਹਿਣਾ ਹੈ ਕਿ ਉਸ ਨੇ ਇਹ ਕੰਮ ਲੌਕਡਾਊਨ ਦੌਰਾਨ ਸ਼ੁਰੂ ਕੀਤਾ ਸੀ ਇਸ ਤੋਂ ਪਹਿਲਾਂ ਉਹ ਸਕੂਲ ਤੋਂ ਆ ਕੇ ਕਿਸੇ ਦੁਕਾਨ ਤੇ ਜਾ ਕੇ ਕੰਮ ਕਰਦਾ ਸੀ। ਬੱਚੇ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹੈ ਕਿ ਜੋ ਵੀ ਉਸ ਤੋਂ ਛੋਟੇ ਬੱਚੇ ਕੰਮ ਕਰ ਰਹੇ ਹਨ ਤੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹਨਾਂ ਦੀ ਮਦਦ ਜਰੂਰ ਕੀਤੀ ਜਾਵੇ। ਮਨਪ੍ਰੀਤ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਦੀ ਨਾਨੀ ਨੇ ਉਸ ਨੂੰ ਪਾਪੜ ਵੇਚਣ ਦਾ ਸਾਮਾਨ ਲੈ ਕੇ ਦਿੱਤਾ ਅਤੇ ਜਿਸ ਸਾਈਕਲ 'ਤੇ ਉਹ ਲੌਕਡਾਊਨ ਦੌਰਾਨ ਪਾਪੜ ਵੇਚਦਾ ਸੀ ਉਹ ਸਾਈਕਲ ਖਰਾਬ ਹੋ ਗਿਆ ਸੀ

ਫਿਰ ਉਸ ਤੋਂ ਬਾਅਦ ਅਨਮੋਲ ਕਵਾਤਰਾ ਜੀ ਨੇ ਉਸ ਨੂੰ ਨਵਾਂ ਸਾਈਕਲ ਲੈ ਕੇ ਦਿੱਤਾ। ਬੱਚੇ ਨੇ ਕਿਹਾ ਕਿ ਜੋ ਵੀ ਉਸ ਦੀ ਮਦਦ ਲਈ ਪੈਸੇ ਦੇ ਕੇ ਜਾਂਦਾ ਹੈ ਉਸ ਸਾਰੇ ਪੈਸੇ ਉਸ ਨੇ ਆਪਣੇ ਪਿਤਾ ਦੇ ਅਕਾਊਂਟ ਵਿਚ ਜਮ੍ਹਾ ਕਰਵਾਏ ਹੋਏ ਹਨ। ਮਨਪ੍ਰੀਤ ਨੇ ਕਿਹਾ ਕਿ ਜੋ ਕੀਰਤਨ ਪ੍ਰਮੋਸ਼ਨ ਟੀਮ ਉਸ ਦੀ ਮਦਦ ਲਈ ਪੈਸੇ ਦੇ ਰਹੀ ਹੈ ਉਹ ਵੀ ਖਾਤੇ ਵਿਚ ਹੀ ਜਮ੍ਹਾ ਕਰਵਾਏ ਹੋਏ ਹਨ ਕਿਉਂਕਿ ਉਹ ਚਾਹੇ ਪੈਸਿਆਂ ਦਾ ਹਿਸਾਬ ਨਾ ਮੰਗਣ ਪਰ ਅਸੀਂ ਪੈਸਿਆਂ ਦਾ ਹਿਸਾਬ ਜਰੂਰ ਦੇਵਾਂਗੇ। ਬੱਚੇ ਨੇ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ

ਸਭ ਤੋਂ ਪਹਿਲਾਂ ਮੈਂ ਉਸ ਵਿਚੋਂ ਆਪਣੇ ਸਕੂਲ ਦੀ ਫੀਸ ਭਰਾਂਗਾ ਤੇ ਫਿਰ ਘਰ ਤੇ ਖਰਚ ਕਾਂਗੇ ਤੇ ਬਾਕੀ ਦੇ ਪਿਤਾ ਨੂੰ ਦੇ ਦਵਾਂਗਾ। ਦੱਸ ਦਈਏ ਕਿ ਮਨਪ੍ਰੀਤ ਦੇ ਪਿਤਾ ਜੀ ਵੀ ਸਬਜੀ ਵੇਚਣ ਦਾ ਕੰਮ ਕਰਦੇ ਹਨ ਤੇ ਜਦੋਂ ਮਨਪ੍ਰੀਤ ਵੱਲੋਂ ਪੁੱਛਿਆ ਗਿਆ ਕਿ ਪਿਤਾ ਜੀ ਤੁਸੀਂ ਦੱਸੋ ਕਿ ਅੱਗੇ ਤੁਸੀਂ ਕੀ ਕੰਮ ਕਰਨਾ ਹੈ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਉਹ ਸਿਰਫ਼ ਸਬਜ਼ੀ ਵੇਚਣ ਦਾ ਕੰਮ ਹੀ ਕਰਨਾ ਚਾਹੁੰਦੇ ਹਨ। ਬੱਚੇ ਨੇ ਦੱਸਿਆ ਕਿ ਉਹਨਾਂ ਦੇ ਘਰ ਹਾਲਾਤ ਕਾਫੀ ਖਰਾਬ ਸਨ ਇਕ ਕਮਰੇ ਦੀ ਛੱਤ ਡਿੱਗ ਗਈ ਸੀ ਤੇ ਉਸ ਪਿਤਾ ਜੀ ਕਹਿੰਦੇ ਸਨ ਕਿ ਇਹ ਘਰ ਵੇਚ ਕੇ ਕਿਤੇ ਹੋਰ ਲੈਣਾ ਹੈ ਪਰ ਫਿਰ ਕੀਰਤਨ ਪ੍ਰਮੋਸ਼ਨ ਟੀਮ ਨੇ ਉਹਨਾਂ ਦਾ ਨਵਾਂ ਘਰ ਪਵਾਉਣਾ ਸ਼ੁਰੂ ਕਰ ਦਿੱਤਾ।

ਮਨਪ੍ਰੀਤ ਵੱਡਾ ਹੋ ਕਿ ਪੁਲਿਸ ਇੰਸਪੈਕਟਰ ਬਣਨਾ ਚਾਹੁੰਦਾ ਹੈ ਤੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਜੋ ਮੰਗ ਕੇ ਖਾਂਦੇ ਹਨ ਆਪਣੀ ਮਿਹਨਤ ਕਰ ਕੇ ਖਾਣ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੱਚੇ ਦੇ ਸਿਦਕ ਨੂੰ ਅਸਲ ਪੰਜਾਬੀਅਤ ਦੱਸਿਆ ਹੈ ਤੇ ਫਿਰ 5 ਲ਼ੱਖ ਰੁਪਏ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਘਰ ਵੀ ਕਦੇ ਮਿਸਤਰੀ ਲੱਗੇਗਾ ਉਸ ਨੇ ਕਿਹਾ ਕਿ ਉਸ ਦੀ ਐਨੀ ਔਕਾਦ ਨਹੀਂ ਸੀ ਕਿ ਉਹ ਆਪਣਾ ਘਰ ਬਣਵਾ ਸਕੇ।

ਮਨਪ੍ਰੀਤ ਦੇ ਪਿਤਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਜਦੋਂ ਮਨਪ੍ਰੀਤ ਦੇ ਇਕ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਜਦੋਂ ਉਸ ਨੇ ਮਨਪ੍ਰੀਤ ਦਾ ਪਾਪੜ ਵੇਦਚੇ ਦੀ ਵੀਡੀਓ ਦੇਖੀ ਤਾਂ ਉਸ ਵਿਚ ਜੋ ਉਸ ਨੇ ਮਿਹਨਤ ਕਰਨ ਵਾਲੀ ਗੱਲ ਕਹੀ ਤਾਂ ਉਸ ਦਾ ਵੀ ਮਨ ਕੀਤਾ ਕਿ ਇਸ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ।

ਤੇ ਅਧਿਆਪਕ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਬੱਚੇ ਦੇ ਘਰ ਦੇ ਹਾਲਾਤ ਬਾਰੇ ਦੱਸਿਆ। ਜਦੋਂ ਅਧਿਆਪਕ ਨੂੰ ਪਤਾ ਲੱਗਾ ਕਿ ਜਿਸ ਸਾਈਕਲ ਤੇ ਉਸ ਪਾਪੜ ਵੇਚਦਾ ਸੀ ਉਹ ਸਾਈਕਲ ਹਰ ਰੋਜ਼ ਖਰਾਬ ਹੋ ਜਾਂਦਾ ਹੈ ਤਾਂ ਅਧਿਆਪਕ ਨੇ ਅਨਮੋਲ ਕਵਾਤਰਾ ਨੂੰ ਅਪੀਲ ਕੀਤੀ ਕਿ ਇਸ ਬੱਚੇ ਦੀ ਮਦਦ ਕੀਤੀ ਜਾਵੇ ਤਾਂ ਅਨਮੋਲ ਕਵਾਤਰਾ ਨੇ ਇਸ ਬੱਚੇ ਨੂੰ ਨਵੀਂ ਸਾਈਕਲ ਖਰੀਦ ਕੇ ਦਿੱਤੀ। ਦੱਸ ਦੀਏ ਕਿ ਇਸ ਬੱਚੇ ਨੇ ਸਭ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਸਭ ਨੂੰ ਮਿਹਨਤ ਕਰ ਕੇ ਖਾਣਾ ਚਾਹੀਦਾ ਹੈ ਨਾ ਕਿ ਮੰਗ ਕੇ।