ਭਾਰੀ ਬਰਸਾਤ ਦੇ ਬਾਵਜੂਦ ਸਿਰਸਾ ਮਹਾਪੰਚਾਇਤ ’ਚ ਡਟੇ ਰਹੇ ਕਿਸਾਨ

ਏਜੰਸੀ

ਖ਼ਬਰਾਂ, ਪੰਜਾਬ

ਭਾਰੀ ਬਰਸਾਤ ਦੇ ਬਾਵਜੂਦ ਸਿਰਸਾ ਮਹਾਪੰਚਾਇਤ ’ਚ ਡਟੇ ਰਹੇ ਕਿਸਾਨ

image

ਸਿਰਸਾ, 12 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਮੀਤ ਸਿੰਘ ਖ਼ਾਲਸਾ) : ਸਿਰਸਾ ਦੀ ਅਨਾਜ ਮੰਡੀ ਵਿਖੇ ਆਯੋਜਤ ਕਿਸਾਨ ਮਹਾਂ ਪੰਚਾਇਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਿਰਕਤ ਕੀਤੀ। ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਨ ਲਈ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਗੁਰਨਾਮ ਸਿੰਘ ਚਡੂਨੀ, ਸੁਰਜੀਤ ਸਿੰਘ ਫੂਲ, ਪ੍ਰੋਫ਼ੈਸਰ ਦਰਸ਼ਨ ਸਿੰਘ, ਸੁਮਨ ਹੁੱਡਾ, ਪੰਜਾਬੀ ਗਾਇਕ ਰੁਪਿੰਦਰ ਹਾਂਡਾ, ਸ੍ਰੀ ਬਰਾੜ, ਕਰਤਾਰ ਚੀਮਾ, ਸੁੱਖਾ ਬਾਂਸਰ, ਦਿਲਪ੍ਰੀਤ ਢਿੱਲੋਂ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਿਰਸਾ ਦੇ ਵਿਚ ਭਾਰੀ ਬਰਸਾਤ ਹੋਈ ਜਿਸ ਦੇ ਬਾਵਜੂਦ ਕਿਸਾਨ ਆਗੂ ਅਤੇ ਕਿਸਾਨਾਂ ਸਮੇਤ ਬਜ਼ੁਰਗ ਅਤੇ ਮਹਿਲਾਵਾਂ, ਬੱਚੇ ਵੀ ਕਿਸਾਨ ਸੰਘਰਸ਼ ਦੇ ਵਿਚ ਡਟੇ ਰਹੇ। ਖੇਤਰ ਦੇ ਲੋਕਾਂ ਵਲੋਂ ਕਿਸਾਨਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਮੋਦੀ ਸਰਕਾਰ ਦਾ ਹੰਕਾਰ ਢਿੱਲਾ ਪੈ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਵਿਚ ਇਸੇ ਤਰ੍ਹਾਂ ਡਟੇ ਰਹੋ ਕਿਉਂਕਿ ਸਾਡੀ ਜਿੱਤ ਯਕੀਨੀ ਹੈ। 
ਇਸ ਮੌਕੇ ਰਾਜ ਕੌਰ ਗਿੱਲ ਨੇ ਕਿਹਾ ਕਿ ਸਾਨੂੰ ਸਰਕਾਰ ਵਲੋਂ ਸਾਡੇ ’ਤੇ ਬਣਾਏ ਗਏ ਮੁਕੱਦਮਿਆਂ ਦਾ ਕੋਈ ਡਰ ਨਹੀਂ ਹੈ ਸਾਡਾ ਟੀਚਾ ਸਿਰਫ਼ ਅੰਦੋਲਨ ਨੂੰ ਜਿੱਤਣਾ ਹੈ। ਇਸ ਮੌਕੇ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੇ ਕਿਹਾ ਕਿ ਸਰਕਾਰ ਦਾ ਰਵਈਆ ਬਹੁਤ ਤਾਨਾਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ ਦੀਆਂ ਮੰਗਾਂ ’ਤੇ ਗ਼ੌਰ ਕਰਨੀ ਚਾਹੀਦੀ ਹੈ। ਉਨ੍ਹਾਂ ਕਰਨਾਲ ਵਿਖੇ ਜੋ ਵਾਪਰਿਆ ਉਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂ ਕੋਈ ਨਵੀਂ ਪਾਰਟੀ ਬਣਾ ਕੇ ਰਾਜਨੀਤੀ ਵਿਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ’ਤੇ ਲਾਠੀਚਾਰਜ ਕਰਵਾਇਆ ਜਾ ਰਿਹਾ ਹੈ ਪ੍ਰੰਤੂ ਜੇਕਰ ਕਿਸਾਨਾਂ ਵਲੋਂ ਸਰਕਾਰ ’ਤੇ ਲਾਠੀਚਾਰਜ ਕਰ ਦਿਤਾ ਗਿਆ ਤਾਂ ਸਰਕਾਰ ਲਈ ਮੁਸ਼ਕਲ ਹੋ ਜਾਵੇਗੀ। ਇਸ ਮੌਕੇ ਸਿਰਸਾ ਦੇ ਕਿਸਾਨ ਆਗੂ ਸਿਕੰਦਰ ਸਿੰਘ ਰੋੜੀ, ਹਰਵਿੰਦਰ ਥਿੰਦ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਬਾਬਾ ਗੁਰਪਾਲ ਸਿੰਘ ਚੋਰਮਾਰ ਵਾਲੇ ਆਦਿ ਵੀ ਹਾਜ਼ਰ ਸਨ।