ਵਿਧਾਇਕ ਗਿਲਜ਼ੀਆਂ ਦੀ ਗੱਡੀ ਹੇਠਾਂ ਲੇਟਿਆ ਕਿਸਾਨ, ਕੀਤੀ ਨਾਅਰੇਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਨਾਜ਼ਾਇਜ਼ ਪਰਚੇ ਦਰਜ ਕਰਨ ਦੀ ਕੀਤੀ ਮੰਗ

Sangat Singh Gilzian

 

ਚੰਡੀਗੜ੍ਹ  : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਤੇ ਕਿਸਾਨਾਂ ਨੇ ਕਾਂਗਰਸ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਟਾਂਡਾ ਉੜਮੁੜ ਹਲਕੇ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਕੱਦ ਵਿਖੇ ਜ਼ਬਰਦਸਤ ਵਿਰੋਧ ਕੀਤਾ ਤੇ ਉਹਨਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗਿਲਜੀਆਂ ਨਾਲ ਹਲਕਾ ਵਿਧਾਇਕ ਦਸੂਹਾ ਮਿੱਕੀ ਡੋਗਰਾ ਵੀ ਮੌਜੂਦ ਸਨ।  ਗਿਲਜੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਭੁੱਲਾ ਤੇ ਕੁਲਦੀਪ ਸਿੰਘ ਬੇਗੋਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸੂਬਾ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਸੱਤਾ ਦੇ ਨਸ਼ੇ 'ਚ ਐਨਾ ਡੁੱਬ ਗਿਆ ਕਿ ਉਸ ਨੇ ਕਿਸਾਨਾਂ 'ਤੇ ਝੂਠੇ ਪਰਚੇ ਦਰਜ ਕਰਵਾਏ ਤੇ ਕਿਸਾਨ ਅੰਦੋਲਨ ਨੂੰ ਢਾਹ ਲਗਾਈ।

ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹਨਾਂ ਚੀਜ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਜਿੱਥੇ ਗਿਲਜੀਆਂ ਕਿਸਾਨਾਂ 'ਤੇ ਝੂਠੇ ਪਰਚੇ ਦਰਜ ਕਰਵਾ ਕੇ ਕਿਸਾਨ ਅੰਦੋਲਨ ਨੂੰ ਢਾਹ ਲਾ ਰਿਹਾ ਹੈ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮਦਦ ਕਰਨ ਵਾਲੇ ਕਿਸਾਨ ਹਿਤੈਸ਼ੀ ਕਾਂਗਰਸੀ ਆਗੂਆਂ ਨੂੰ ਕਾਂਗਰਸ ਪਾਰਟੀ 'ਚੋ ਬਾਹਰ ਕੱਢ ਰਿਹਾ ਹੈ, ਜਿਸ ਕਾਰਨ ਗਿਲਜੀਆਂ ਦਾ ਕਿਸਾਨ ਵਿਰੋਧੀ ਚੇਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ।

ਕਰੀਬ ਇਕ ਘੰਟਾ ਗਿਲਜੀਆਂ ਦਾ ਘਿਰਾੳ ਹੋਣ 'ਤੇ ਐਸਪੀ ਡੀ ਹੁਸ਼ਿਆਰਪੁਰ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਜੋ ਵੀ ਪਰਚਾ ਕਿਸਾਨਾਂ 'ਤੇ ਗਲਤ ਦਰਜ ਹੋਇਆ ਹੈ ਉਸ ਦੀ ਜਾਂਚ ਦੁਬਾਰਾ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਮੌਕੇ ਇਕ ਕਿਸਾਨ ਗਿਲਜ਼ੀਆਂ ਦੀ ਗੱਡੀ ਹੇਠ ਵੀ ਲੰਮਾ ਪੈ ਗਿਆ ਸੀ ਤੇ ਉਸ ਕਿਸਾਨ ਦਾ ਕਹਿਣਾ ਸੀ ਕਿ ਜਦੋਂ ਤੱਕ ਇਹ ਪਰਚਾ ਰੱਦ ਕਰਨ ਦਾ ਵਾਅਦਾ ਨਹੀਂ ਕਰਦੇ ਜਾਂ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਉਹ ਗੱਡੀ ਹੇਠੋਂ ਨਹੀਂ ਉੱਠੇਗਾ ਤੇ ਇਹਨਾਂ ਦਾ ਘਿਰਾਓ ਇਸ ਤਰ੍ਹਾਂ ਹੀ ਕੀਤਾ ਜਾਵੇਗਾ। ਕਾਫ਼ੀ ਹੰਗਾਮਾ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਤੇ ਵਿਧਾਇਕ ਨੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਫਿਰ ਕਿਤੇ ਜਾ ਕੇ ਕਿਸਾਨਾਂ ਨੇ ਗਿਲਜ਼ੀਆ ਨੂੰ ਜਾਣ ਦਿੱਤਾ।