ਹਾਰ ਤੋਂ ਡਰਦੀ, ਭਾਜਪਾ ਨੇ ਜਾਤ-ਪਾਤ ਦਾ ਸਹਾਰਾ ਲੈ ਕੇ ਭੁਪਿੰਦਰ ‘ਪਟੇਲ’ ਨੂੰ ਮੁੱਖ ਮੰਤਰੀ ਬਣਾਇਆ

ਏਜੰਸੀ

ਖ਼ਬਰਾਂ, ਪੰਜਾਬ

ਹਾਰ ਤੋਂ ਡਰਦੀ, ਭਾਜਪਾ ਨੇ ਜਾਤ-ਪਾਤ ਦਾ ਸਹਾਰਾ ਲੈ ਕੇ ਭੁਪਿੰਦਰ ‘ਪਟੇਲ’ ਨੂੰ ਮੁੱਖ ਮੰਤਰੀ ਬਣਾਇਆ

image

ਆਪ ਪਾਰਟੀ ਦੀ ਗੁਜਰਾਤ ਵਿਚ ਚੜ੍ਹਤ!

ਗਾਂਧੀਨਗਰ, 12 ਸਤੰਬਰ : ਵਿਜੇ ਰੁਪਾਨੀ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਭੁਪਿੰਦਰ ਪਟੇਲ ਨੂੰ ਗੁਜਰਾਤ ਦਾ ਅਗਲਾ ਮੁੱਖ ਮੰਤਰੀ ਬਣਾਇਆ ਗਿਆ ਹੈ। ਭਾਜਪਾ ਦੀ ਵਿਧਾਇਕ ਦਲ ਦੀ ਬੈਠਕ ’ਚ ਨਵੇਂ ਮੁੱਖ ਮੰਤਰੀ ਦੇ ਨਾਂ ’ਤੇ ਮੋਹਰ ਲਾਈ ਗਈ। ਗਾਂਧੀਨਗਰ ਵਿਖੇ ਭਾਜਪਾ ਦਫ਼ਤਰ ’ਚ ਹੋਈ ਬੈਠਕ ’ਚ ਮੁੱਖ ਮੰਤਰੀ ਦੇ ਨਾਂ ’ਤੇ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਭੁਪਿੰਦਰ ਦੇ ਨਾਂ ਦਾ ਐਲਾਨ ਕੀਤਾ ਗਿਆ। ਵਿਧਾਇਕ ਦਲ ਦੀ ਬੈਠਕ ਵਾਸਤੇ ਕੇਂਦਰੀ ਮੰਤਰੀ ਤੋਮਰ ਅਤੇ ਪ੍ਰਹਿਲਾਦ ਜੋਸ਼ੀ ਨੂੰ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ। ਬੈਠਕ ’ਚ ਵਿਚਾਰ ਕਰਨ ਮਗਰੋਂ ਤੋਮਰ ਨੇ ਭੁਪਿੰਦਰ ਦੇ ਨਾਂ ਦਾ ਐਲਾਨ ਕੀਤਾ। ਵਿਜੇ ਰੁਪਾਨੀ ਨੇ ਭੁਪਿੰਦਰ ਦੇ ਨਾਂ ਦਾ ਪ੍ਰਸਤਾਵ ਰਖਿਆ। ਉਨ੍ਹਾਂ ਕਿਹਾ ਕਿ ਪਟੇਲ ਜ਼ਿੰਮੇਵਾਰੀ ਨਿਭਾਉਣ ’ਚ ਸਮਰਥ ਹਨ। ਵਿਜੇ ਰੁਪਾਨੀ ਕੋਰੋਨਾ ਮਹਾਮਾਰੀ ਦੌਰਾਨ ਭਾਜਪਾ ਸ਼ਾਸਤ ਸੂਬਿਆਂ ’ਚ ਅਹੁਦਾ ਛੱਡਣ ਵਾਲੇ ਚੌਥੇ ਮੁੱਖ ਮੰਤਰੀ ਹਨ। ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੀਆਂ 182 ਵਿਧਾਨ ਸਭਾ ਸੀਟਾਂ ਲਈ ਦਸੰਬਰ 2022 ’ਚ ਚੋਣਾਂ ਹੋਣੀਆਂ ਹਨ।
   ਭੁਪੇਂਦਰ ਪਟੇਲ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਸੋਮਵਾਰ ਭਾਵ ਅੱਜ ਸਹੁੰ ਚੁਕਣਗੇ। ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸੀ ਆਰ ਪਾਟਿਲ ਨੇ ਇਹ ਜਾਣਕਾਰੀ ਦਿਤੀ। ਪਾਟਿਲ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਭੁਪੇਂਦਰ ਪਟੇਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ, ਸੋਮਵਾਰ ਨੂੰ ਸਿਰਫ਼ ਮੁੱਖ ਮੰਤਰੀ ਸਹੁੰ ਚੁਕਣਗੇ।’’ ਉਨ੍ਹਾਂ ਦਸਿਆ ਕਿ ਨਵੇਂ ਮੰਤਰੀ ਮੰਡਲ ਦਾ ਗਠਨ ਸੀਨੀਅਰ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਕੁੱਝ ਦਿਨਾਂ ਬਾਅਦ ਕੀਤਾ ਜਾਵੇਗਾ। ਪਾਟਿਲ ਨੇ ਇਹ ਵੀ ਕਿਹਾ ਕਿ ਉਪ ਮੁੱਖ ਮੰਤਰੀ ਅਹੁਦੇ ਲਈ ਵਿਧਾਇਕ ਦਲ ਦੀ ਬੈਠਕ ਵਿਚ ਕੋਈ ਚਰਚਾ ਨਹੀਂ ਹੋਈ। 
ਦਸਣਯੋਗ ਹੈ ਕਿ ਭੁਪਿੰਦਰ ਘਾਟਲੋਡੀਆ ਸੀਟ ਤੋਂ ਵਿਧਾਇਕ ਹਨ। ਸਾਲ 2017 ’ਚ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਰੁਪਾਨੀ ਦੇ ਅਸਤੀਫ਼ੇ ਮਗਰੋਂ ਮੁੱਖ ਮੰਤਰੀ ਦੀ ਦੌੜ ’ਚ ਕਈ ਚਿਹਰੇ ਸਨ, ਜਿਨ੍ਹਾਂ ’ਚ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੂਪਾਲਾ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਸੂਬੇ ਦੇ ਖੇਤੀਬਾੜੀ ਮੰਤਰੀ ਆਰਸੀ ਫਾਲਦੂ ਦੇ ਨਾਵਾਂ ਨੂੰ ਲੈ ਕੇੇ ਚਰਚਾ ਦੀਆਂ ਖ਼ਬਰਾਂ ਸਨ। ਬੀਤੇ ਦਿਨ ਵਿਜੇ ਰੁਪਾਨੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿਤਾ। ਉਨ੍ਹਾਂ ਨੇ ਗੁਜਰਾਤ ਦੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਅਪਣਾ ਅਸਤੀਫ਼ਾ ਸੌਂਪਿਆ ਸੀ। ਰੁਪਾਨੀ ਦੇ ਅਸਤੀਫ਼ੇ ਮਗਰੋਂ ਹੀ ਅਗਲੇ ਮੁੱਖ ਮੰਤਰੀ ਦੀ ਤਲਾਸ਼ ਸ਼ੁਰੂ ਹੋ ਗਈ ਸੀ।                               (ਪੀਟੀਆਈ)