ਪੰਜਾਬ ਸਰਕਾਰ ਵਲੋਂ 10151 ਐਸ.ਸੀ. ਨੌਜਵਾਨਾਂ ਦਾ 41.48 ਕਰੋੜ ਰੁਪਏ ਦਾ ਕਰਜ਼ਾ ਮਾਫ਼ : ਧਰਮਸੋਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ 10151 ਐਸ.ਸੀ. ਨੌਜਵਾਨਾਂ ਦਾ 41.48 ਕਰੋੜ ਰੁਪਏ ਦਾ ਕਰਜ਼ਾ ਮਾਫ਼ : ਧਰਮਸੋਤ

image

ਚੰਡੀਗੜ੍ਹ, 12 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਪੰਜਾਬ ਸਰਕਾਰ ਵਲੋਂ ਸੂਬੇ ਦੇ 10151 ਐਸ.ਸੀ. ਨੌਜਵਾਨਾਂ ਦੇ 50-50 ਹਜ਼ਾਰ ਦੇ ਕੁਲ 41.48 ਕਰੋੜ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਦੇ ਇਸ ਕਦਮ ਨਾਲ ਐਸ.ਸੀ. ਨੌਜਵਾਨਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਦੇ ਸਮਾਜਕ ਨਿਆਂ, ਸਹਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੂਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਰਾਹੀਂ ਸੂਬੇ ਦੇ ਨੌਜਵਾਨਾਂ ਵਲੋਂ ਸਵੈ-ਰੁਜ਼ਗਾਰ ਲਈ ਹਰ ਤਰ੍ਹਾਂ ਦੇ ਕਰਜ਼ਿਆਂ ਵਿਚੋਂ 50-50 ਹਜ਼ਾਰ ਰੁਪਏ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ।
ਧਰਮਸੋਤ ਨੇ ਦਸਿਆ ਕਿ ਐਸ.ਸੀ. ਕਾਰਪੋਰੇਸ਼ਨ ਵਲੋਂ ਅਨੁਸੂਚਿਤ ਜਾਤੀ ਅਤੇ ਦਿਵਿਆਂਗ ਵਿਅਕਤੀਆਂ ਨੂੰ ਅਪਣਾ ਸਵੈ-ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰ ’ਤੇ ਕਰਜ਼ੇ ਮੁਹਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਐਸ.ਸੀ. ਕਾਰਪੋਰੇਸ਼ਨ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਘੱਟ ਵਿਆਜ ਦਰ ’ਤੇ ਮੁਹਈਆ ਕਰਵਾਏ ਜਾਂਦੇ ਕਰਜ਼ਿਆਂ ਦੀ ਵਸੂਲੀ ਦਰ ਲਗਭਗ 77 ਫ਼ੀ ਸਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਵਲੋਂ ਸਵੈ-ਰੁਜ਼ਗਾਰ ਲਈ ਲਏ ਕਰਜ਼ੇ ਵਪਾਰ ਦਾ ਫ਼ੇਲ ਹੋਣਾ, ਲਾਭਪਾਤਰੀ ਦੀ ਮੌਤ ਹੋਣਾ, ਘਰ ਵਿਚ ਕੋਈ ਕਮਾਉਣ ਵਾਲਾ ਨਾ ਹੋਣਾ ਅਤੇ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਕਾਰਨ ਕਰ ਕੇ ਵੀ, ਵਾਪਸ ਕਰਨ ਵਿਚ ਮੁਸ਼ਕਲ ਆ ਰਹੀ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਪ੍ਰੇਸ਼ਾਨੀ ਵਿਚੋਂ ਕੱਢਣ ਲਈ ਇਹ ਕਰਜ਼ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸ. ਧਰਮਸੋਤ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਐਸ.ਸੀ. ਨੌਜਵਾਨਾਂ ਦੇ ਕਰਜ਼ੇ ਮਾਫ਼ ਕਰ ਕੇ ਉਨ੍ਹਾਂ ਨੂੰ ਰਾਹਤ ਦਿਤੀ ਸੀ।