ਮੋਗਾ 'ਚ ਰੋਡਵੇਜ਼ ਮੁਲਾਜ਼ਮਾਂ ਦਾ ਰੋਸ ਮਾਰਚ, ਦਿੱਤੀ ਸਰਕਾਰ ਨੂੰ ਚਿਤਾਵਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ 14 ਤਾਰੀਖ ਨੂੰ ਹੋਣ ਵਾਲੀ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ 15 ਤਾਰੀਖ ਤੋਂ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣਗੇ।

Roadways employees protest

 

ਮੋਗਾ (ਦਲੀਪ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਪਨਬਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਪਿਛਲੇ 1 ਹਫ਼ਤੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਰਹੇ ਹਨ ਤੇ ਅੱਜ ਹੜਤਾਲ ਦਾ 8ਵਾਂ ਦਿਨ ਹੈ। ਉਸ ਤਹਿਤ ਅੱਜ ਪੰਜਾਬ ਦੇ 27 ਡਿਪੂਆਂ ਵਿਚ ਕਰਮਚਾਰੀਆਂ ਵੱਲੋਂ ਢੋਲ ਮਾਰਚ ਕੱਢਿਆ ਜਾਣਾ ਸੀ, ਪਰ ਇਹ ਢੋਲ ਮਾਰਚ ਕਰਮਚਾਰੀਆਂ ਵੱਲੋਂ ਰੱਦ ਕਰਕੇ ਕਿਸਾਨ ਜਥੇਬੰਦੀਆਂ ਦੀ ਕਾਲ 'ਤੇ ਬਿਲਕੁਲ ਸ਼ਾਂਤਮਈ ਢੰਗ ਨਾਲ ਕੱਢਿਆ ਗਿਆ। ਕਿਸੇ ਵੀ ਤਰ੍ਹਾਂ ਦਾ ਢੋਲ ਇਸ ਮਾਰਚ ਵਿਚ ਨਹੀਂ ਸ਼ਾਮਲ ਕੀਤਾ ਗਿਆ।

ਕਰਮਚਾਰੀਆਂ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਸਰਕਾਰ ਸਾਨੂੰ ਨੋਟਿਸ ਭੇਜ ਰਹੀ ਹੈ ਕਿ ਜੇਕਰ ਮੁਲਾਜ਼ਮਾਂ ਵੱਲੋਂ ਹੜਤਾਲ ਵਾਪਸ ਨਹੀਂ ਲਈ ਗਈ ਤਾਂ ਉਨ੍ਹਾਂ ਉੱਤੇ ਵਿਭਾਗ ਕਾਰਵਾਈ ਕਰੇਗਾ।  ਉਨ੍ਹਾਂ ਨੇ ਕਿਹਾ ਕਿ ਨੋਟਿਸ ਵਿਚ ਇੱਥੋਂ ਤੱਕ ਵੀ ਲਿਖਿਆ ਹੈ ਕਿ ਜੋ ਵਿੱਤੀ ਨੁਕਸਾਨ ਪੰਜਾਬ ਸਰਕਾਰ ਨੂੰ ਇਨ੍ਹਾਂ ਦਿਨਾਂ ਵਿੱਚ ਹੋਇਆ ਹੈ

ਉਸ ਦਾ ਹਰਜਾਨਾ ਪੰਜਾਬ ਸਰਕਾਰ ਕਰਮਚਾਰੀਆਂ ਕੋਲੋਂ ਭਰੇਗੀ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦੀਆਂ ਅਜਿਹੀ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਜੇਕਰ 14 ਤਾਰੀਖ ਨੂੰ ਹੋਣ ਵਾਲੀ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ 15 ਤਾਰੀਖ ਤੋਂ ਨੈਸ਼ਨਲ ਹਾਈਵੇਅ ਜਾਮ ਕਰਨਗੇ।