ਮੁੱਖ ਮੰਤਰੀ ਨੇ ਇਤਿਹਾਸਕ ਜੰਗ ਦੇ ਸ਼ਹੀਦਾਂ ਨੂੰ ਕੀਤਾ ਯਾਦ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਇਤਿਹਾਸਕ ਜੰਗ ਦੇ ਸ਼ਹੀਦਾਂ ਨੂੰ ਕੀਤਾ ਯਾਦ

image

ਫ਼ਿਰੋਜ਼ਪੁਰ, 12 ਸਤੰਬਰ (ਗੁਰਬਚਨ ਸਿੰਘ, ਪ੍ਰੇਮ ਨਾਥ ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ ਇਸ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰਦੁਆਰਾ ਸਾਰਾਗੜ੍ਹੀ ਵਿਖੇ ਹੋਏ ਰਾਜ ਪਧਰੀ ਸ਼ਹੀਦੀ ਦਿਵਸ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਨਤਮਸਤਕ ਹੋਣ ਉਪਰੰਤ ਅਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਸਮਾਣਾ ਚੋਟੀ (ਹੁਣ ਪਾਕਿਸਤਾਨ ਦਾ ਨਾਰਥ ਵੈਸਟ ਫ਼ਰੰਟੀਅਰ ਸੂਬਾ ਹੈ) ਨੇੜੇ ਤਾਇਨਾਤ 36 ਸਿੱਖ ਦੇ 22 ਮਹਾਨ ਸੈਨਿਕਾਂ ਨੂੰ ਯਾਦ ਕੀਤਾ, ਜਿਨ੍ਹਾਂ 12 ਸਤੰਬਰ, 1897 ਨੂੰ 10,000 ਅਫ਼ਗ਼ਾਨਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਹੋਏ ਘਮਸਾਨ ਯੁੱਧ ਵਿਚ ਅਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।
ਇਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਠਾਨ ਖੇਤਰਾਂ ਵਿਚ ਗੜਬੜੀਆਂ ਨੂੰ ਦੂਰ ਕਰਨ ਲਈ ਜਨਰਲ ਲੌਖ਼ਾਰਟ ਦੁਆਰਾ ਤੱਤਕਾਲੀ ਬਿ੍ਰਟਿਸ਼ ਭਾਰਤੀ ਫ਼ੌਜ ਦੀਆਂ ਚਾਰ ਟੁਕੜੀਆਂ ਭੇਜੀਆਂ ਗਈਆਂ। ਇਨਾਂ ਵਿਚੋਂ 36ਵੀਂ ਸਿੱਖ ਬਟਾਲੀਅਨ (ਹੁਣ ਚੌਥੀ ਸਿੱਖ ਬਟਾਲੀਅਨ) ਜਿਨ੍ਹਾਂ ਵਿਚ 21 ਸਿੱਖ ਸਿਪਾਹੀ ਅਤੇ ਇਕ ਰਸੋਈਆ ਸ਼ਾਮਲ ਸੀ, ਨੂੰ ਸਾਰਾਗੜ੍ਹੀ ਦੀ ਰਖਿਆ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜੋ ਕਿ ਲੌਖ਼ਾਰਟ ਕਿਲ੍ਹੇ ਅਤੇ ਗੁਲਸਿਤਾਨ ਕਿਲੇ੍ਹ ਦਰਮਿਆਨ ਸੰਚਾਰ ਲਈ ਇਕ ਨਿਗਰਾਨੀ ਪੋਸਟ ਸੀ। 12 ਸਤੰਬਰ, 1897 ਦੀ ਸਵੇਰ ਅਫ਼ਰੀਦੀ ਅਤੇ ਔਰਕਜ਼ਈ ਕਬੀਲਿਆਂ ਦੇ ਪਠਾਨਾਂ ਨੇ ਵੱਡੀ ਗਿਣਤੀ ਵਿਚ ਸਾਰਾਗੜ੍ਹੀ ਉਤੇ ਹਮਲਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਪਠਾਨਾਂ ਦੀਆਂ ਆਤਮ ਸਮਰਪਣ ਕਰਨ ਦੀਆਂ ਮੰਗਾਂ ਨੂੰ ਹਵਲਦਾਰ ਈਸ਼ਰ ਸਿੰਘ ਨੇ ਜ਼ੋਰਦਾਰ ਢੰਗ ਨਾਲ ਨਕਾਰ ਦਿਤਾ। ਫਿਰ ਇਸ ਹਮਲੇ ਨੂੰ ਵੇਖਦਿਆਂ ਈਸ਼ਰ ਸਿੰਘ ਨੇ ਅਪਣੇ ਉੱਚ ਅਧਿਕਾਰੀ ਕਰਨਲ ਹੌਫ਼ਟਨ ਨੂੰ ਸੰਕੇਤ ਭੇਜਿਆ ਜਿਸ ਨੇ ਉਨ੍ਹਾਂ ਨੂੰ ਅਪਣੀ ਕਮਾਨ ਸੰਭਾਲਣ ਲਈ ਕਿਹਾ। ਉਨ੍ਹਾਂ ਦਸਿਆ ਕਿ ਲੜਾਈ ਅੱਧ ਦੁਪਹਿਰ ਤਕ ਜਾਰੀ ਰਹੀ ਅਤੇ ਹਰ ਸਿੱਖ ਸਿਪਾਹੀ ਨੇ 400-500 ਗੋਲੀਆਂ ਦਾਗ਼ੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਡੀ ਗਿਣਤੀ ਵਿਚ ਕਬਾਇਲੀ ਪਠਾਨਾਂ ਕਰ ਕੇ ਘੇਰਾਬੰਦੀ ਕੀਤੇ ਗਏ ਸੈਨਿਕਾਂ ਨੂੰ ਸਹਾਇਤਾ ਭੇਜਣ ਦੇ ਸਾਰੇ ਯਤਨ ਅਸਫ਼ਲ ਰਹੇ। ਅਖ਼ੀਰ ਵਿਚ ਸਿਪਾਹੀ ਗੁਰਮੁਖ ਸਿੰਘ ਨੇ ਕਰਨਲ ਹੌਫ਼ਟਨ ਨੂੰ ਆਖ਼ਰੀ ਸੰਕੇਤ ਭੇਜਿਆ ਅਤੇ ਲੜਨ ਲਈ ਬੰਦੂਕ ਚੁੱਕ ਲਈ। ਕਿਸੇ ਵੀ ਫ਼ੌਜੀ ਨੇ ਆਤਮ-ਸਮਰਪਣ ਨਹੀਂ ਕੀਤਾ ਅਤੇ ਸਾਰੇ ਸ਼ਹੀਦ ਹੋ ਗਏ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਵੁਲਵਰਹੈਂਪਟਨ (ਯੂ.ਕੇ.) ਵਿਚ ਹਵਾਲਦਾਰ ਈਸ਼ਰ ਸਿੰਘ ਦੇ ਬੁਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਸੈਨਿਕਾਂ ਦੇ ਵਾਰਸਾਂ ਅਤੇ ਵੀਰ ਨਾਰੀਆਂ ਦਾ ਸਨਮਾਨ ਵੀ ਕੀਤਾ ਗਿਆ।

  ਫੋਟੋ ਫਾਈਲ: 12 ਐੱਫਜੈੱਡਆਰ 03