ਨਸ਼ਾ ਤਸਕਰੀ ਦੇ ਮਾਮਲੇ ’ਚ ਮੁੱਕੇਬਾਜ਼ ਅਤੇ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਸ ਦੇ ਕਬਜ਼ੇ 'ਚੋਂ 134 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਨੂੰ ਹੋਰ ਪੁੱਛਗਿੱਛ ਲਈ 2 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ।

Boxer and former constable of Punjab Police arrested in drug trafficking case


ਚੰਡੀਗੜ੍ਹ:  ਨਸ਼ਾ ਤਸਕਰੀ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਵਿਚ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਅਮਰਦੀਪ ਸਿੰਘ ਉਰਫ਼ ਕਾਕਾ (35) ਅਤੇ ਤਰਨਤਾਰਨ ਦਾ ਕਰਨਜੀਤ ਸਿੰਘ (40) ਸ਼ਾਮਲ ਹੈ। ਦੋਵਾਂ ਨੂੰ ਦੋ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰਦੀਪ ਖ਼ਿਲਾਫ਼ ਸੈਕਟਰ 39 ਥਾਣੇ ਵਿਚ ਐਨਡੀਪੀਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਐਕਟ ਤਹਿਤ ਕਰਨਜੀਤ ਖ਼ਿਲਾਫ਼ ਮਲੋਆ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਅਮਰਦੀਪ ਨੂੰ ਪੁਲਿਸ ਨੇ ਸੈਕਟਰ 39 ਸਥਿਤ ਜੀਰੀ ਮੰਡੀ ਚੌਕ ਨੂੰ ਜਾਂਦੀ ਸਲਿੱਪ ਰੋਡ ਤੋਂ ਕਾਬੂ ਕੀਤਾ।

ਉਸ ਦੇ ਕਬਜ਼ੇ 'ਚੋਂ 134 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਨੂੰ ਹੋਰ ਪੁੱਛਗਿੱਛ ਲਈ 2 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਅਮਰਦੀਪ ਸਿੰਘ ਬਾਰੇ ਪੁਲੀਸ ਨੇ ਦੱਸਿਆ ਕਿ ਉਹ ਕੌਮੀ ਪੱਧਰ ਦਾ ਖਿਡਾਰੀ ਸੀ। ਉਸ ਨੇ ਬਤੌਰ ਮੁੱਕੇਬਾਜ਼ ਕਈ ਤਗਮੇ ਜਿੱਤੇ ਸਨ। ਸਾਲ 2007 ਵਿਚ ਉਹ ਪੰਜਾਬ ਪੁਲਿਸ ਵਿਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਬਾਅਦ ਵਿਚ ਉਹ ਆਪਣੀ ਮਾੜੀ ਸੰਗਤ ਕਾਰਨ ਜੁਰਮ ਦੀ ਦੁਨੀਆ ਵਿਚ ਚਲਾ ਗਿਆ।

ਪੁਲਿਸ ਅਨੁਸਾਰ ਉਸ ਖ਼ਿਲਾਫ਼ 5 ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ਵਿਚੋਂ ਇਕ ਕੇਸ ਸਾਲ 2009 ਵਿਚ ਕਤਲ ਦੀ ਕੋਸ਼ਿਸ਼ ਦਾ ਦਰਜ ਹੋਇਆ ਸੀ। ਸਾਲ 2018 ਅਤੇ 2021 ਵਿਚ ਆਬਕਾਰੀ ਐਕਟ ਦੇ 2 ਕੇਸ ਦਰਜ ਕੀਤੇ ਗਏ ਸਨ। ਸਾਲ 2021 'ਚ ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਸਾਲ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਉਸ ਨੂੰ 134 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

ਦੂਜੇ ਮਾਮਲੇ ਵਿਚ ਕਰਨਜੀਤ ਨੂੰ ਮਲੋਆ ਦੀ ਗੈਸ ਏਜੰਸੀ ਟੀ-ਪੁਆਇੰਟ ਨੇੜੇ ਇਕ ਨਾਕੇ ਤੋਂ ਫੜਿਆ ਗਿਆ। ਉਹ ਸਿਲਵਰ ਰੰਗ ਦੀ ਕਾਰ ਵਿਚ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਕਾਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਉਸ ਦੇ ਕਬਜ਼ੇ 'ਚੋਂ 141 ਗ੍ਰਾਮ ਹੈਰੋਇਨ ਬਰਾਮਦ ਹੋਈ। ਹੋਰ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਲਿਆ ਗਿਆ ਹੈ।