ਲੁਧਿਆਣਾ 'ਚ ਅਧਿਆਪਕਾ ਦੀ ਬਹਾਦਰੀ: ਚੇਨ ਖੋਹਣ ਆਏ ਬਦਮਾਸ਼ਾਂ ਨੂੰ ਸਿਖਾਇਆ ਸਬਕ

ਏਜੰਸੀ

ਖ਼ਬਰਾਂ, ਪੰਜਾਬ

ਵੀਡੀਓ ਖ਼ੂਬ ਹੋ ਰਹੀ ਹੈ ਵਾਇਰਲ

Teacher's bravery in Ludhiana

 

ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਵਿਚ ਇੱਕ ਔਰਤ ਦੀ ਦਲੇਰੀ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਔਰਤ ਨੇ ਬਹਾਦਰੀ ਦਿਖਾਉਂਦੇ ਹੋਏ ਚੇਨ ਖੋਹਣ ਆਏ ਬਦਮਾਸ਼ਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। 2 ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਹਨ, ਸੜਕ ’ਤੇ ਸਕੂਟੀ ’ਤੇ ਜਾ ਰਹੀ ਔਰਤ ਦੀ ਚੇਨ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਔਰਤ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕਰਦੀ ਹੈ, ਚੋਰ ਉਸ ਨੂੰ ਜ਼ਖ਼ਮੀ ਕਰ ਦਿੰਦੇ ਹਨ ਪਰ ਉਸ ਦੀ ਚੇਨ ਖੋਹਣ ਤੋਂ ਅਸਮਰਥ ਰਹਿੰਦੇ ਹਨ। ਘਟਨਾ ਖੰਨਾ ਦੇ ਪੀਰਖਾਨਾ ਰੋਡ ਦੀ ਹੈ। 

ਔਰਤ ਨੇ 10 ਮਿੰਟ ਤੱਕ ਬਹਾਦਰੀ ਬਦਮਾਸ਼ਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਕਾਫ਼ੀ ਹੰਗਾਮਾ ਵੀ ਹੋਇਆ ਪਰ ਔਰਤ ਨੇ ਬਾਈਕ 'ਤੇ ਬੈਠੇ ਬਦਮਾਸ਼ ਨੂੰ ਹੇਠਾਂ ਗਿਰਾ ਦਿੱਤਾ। ਜਿਵੇਂ ਹੀ ਬਾਈਕ ਸਵਾਰ ਔਰਤ ਦੇ ਗਲੇ 'ਚੋਂ ਚੇਨ ਖੋਹਣ ਲੱਗਾ ਤਾਂ ਉਸ ਨੇ ਪਿੱਛੇ ਬੈਠੇ ਨੌਜਵਾਨ ਨੂੰ ਫੜ ਲਿਆ। ਬਾਈਕ ਸਵਾਰ ਔਰਤ ਨੂੰ ਦੂਰ ਤੱਕ ਘਸੀਟਦੇ ਲੈ ਗਏ ਪਰ ਔਰਤ ਨੇ ਨੌਜਵਾਨ ਨੂੰ ਨਹੀਂ ਛੱਡਿਆ। ਰੌਲਾ ਸੁਣ ਕੇ ਲੋਕ ਵੀ ਘਰਾਂ ਤੋਂ ਬਾਹਰ ਆ ਗਏ। ਔਰਤ ਦੇ ਸਾਹਮਣੇ ਬਾਈਕ ਸਵਾਰ ਨੇ ਆਖ਼ਰ ਗੋਡੇ ਟੇਕ ਦਿੱਤੇ ਅਤੇ ਆਪਣੀ ਜਾਨ ਬਚਾ ਕੇ ਆਪਣੇ ਸਾਥੀ ਨਾਲ ਭੱਜ ਗਿਆ।

ਪੀੜਤ ਅਧਿਆਪਕਾ ਮੀਨੂੰ ਨੇ ਦੱਸਿਆ ਕਿ ਉਹ ਆਪਣੇ ਬੱਚੇ ਨਾਲ ਸਕੂਟੀ 'ਤੇ ਘਰ ਆ ਰਹੀ ਸੀ। ਬਾਈਕ ਸਵਾਰ ਪਹਿਲਾਂ ਹੀ ਉਸ ਦਾ ਪਿੱਛਾ ਕਰ ਰਹੇ ਸਨ। ਜਿਵੇਂ ਹੀ ਉਹ ਆਪਣੇ ਘਰ ਦੇ ਦਰਵਾਜ਼ੇ ਕੋਲ ਰੁਕੀ ਤਾਂ ਬਾਈਕ ਸਵਾਰਾਂ ਨੇ ਉਸ ਦੇ ਗਲੇ 'ਚ ਪਾਈ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਤੁਰੰਤ ਬਾਈਕ ਸਵਾਰ ਨੂੰ ਧੱਕਾ ਦੇ ਕੇ ਫੜ ਲਿਆ। ਬਾਈਕ ਸਵਾਰ ਉਸ ਨੂੰ ਘੜੀਸ ਕੇ ਲੈ ਗਏ, ਪਰ ਉਸ ਨੇ ਨੌਜਵਾਨ ਨੂੰ ਨਹੀਂ ਛੱਡਿਆ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਫ਼ਿਲਹਾਲ ਸੀਸੀਟੀਵੀ 'ਚ ਨਜ਼ਰ ਆਏ ਬਦਮਾਸ਼ਾਂ ਦੀ ਭਾਲ ਜਾਰੀ ਹੈ।