ਸਿੱਪੀ ਸਿੱਧੂ ਕਤਲ ਮਾਮਲਾ: ਮੁਲਜ਼ਮ ਕਲਿਆਣੀ ਸਿੰਘ ਨੂੰ ਮਿਲੀ ਜ਼ਮਾਨਤ 

ਏਜੰਸੀ

ਖ਼ਬਰਾਂ, ਪੰਜਾਬ

ਕਲਿਆਣੀ 21 ਜੂਨ ਤੋਂ ਬੁੜੈਲ ਜੇਲ੍ਹ ਵਿਚ ਬੰਦ ਹੈ

Kalyani Singh

ਚੰਡੀਗੜ੍ਹ - ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ (36) ਨੂੰ ਜ਼ਮਾਨਤ ਮਿਲ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਦੀ ਬੈਂਚ ਨੇ ਸੀਬੀਆਈ ਅਤੇ ਸ਼ਿਕਾਇਤਕਰਤਾ ਪੱਖ ਦੇ ਜਵਾਬ ਅਤੇ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਦਿੱਤਾ ਹੈ। ਦੂਜੇ ਪਾਸੇ ਸੀਬੀਆਈ ਨੇ ਇਸ ਕਤਲ ਕੇਸ ਵਿਚ ਕਲਿਆਣੀ ਸਿੰਘ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਕਲਿਆਣੀ ਹੁਣ ਮੁਕੱਦਮੇ ਦਾ ਸਾਹਮਣਾ ਕਰੇਗੀ। 

ਕਲਿਆਣੀ 21 ਜੂਨ ਤੋਂ ਬੁੜੈਲ ਜੇਲ੍ਹ ਵਿਚ ਬੰਦ ਹੈ। ਹਾਈ ਕੋਰਟ ਤੋਂ ਹੁਕਮਾਂ ਦੀ ਕਾਪੀ ਮਿਲਦੇ ਹੀ ਜੇਲ੍ਹ ਪ੍ਰਸ਼ਾਸਨ ਉਸ ਨੂੰ ਰਿਹਾਅ ਕਰ ਦੇਵੇਗਾ। ਦੱਸ ਦਈਏ ਕਿ ਜਸਟਿਸ ਅਨੂਪ ਚਿਤਕਾਰਾ ਮਾਮਲੇ ਦੀ ਸੁਣਵਾਈ ਤੋਂ ਹਟ ਗਏ ਸਨ। ਜਸਟਿਸ ਚਿਤਕਾਰਾ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿਚ ਜੱਜ ਸਨ। ਉਨ੍ਹਾਂ ਦੀ ਵਿਦਾਈ 8 ਅਕਤੂਬਰ 2021 ਨੂੰ ਹੋਈ ਸੀ, ਉਸੇ ਦਿਨ ਜਸਟਿਸ ਸਬੀਨਾ ਨੂੰ ਰਾਜਸਥਾਨ ਹਾਈ ਕੋਰਟ ਤੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਸੀਬੀਆਈ ਅਤੇ ਸ਼ਿਕਾਇਤਕਰਤਾ ਪੱਖ ਨੇ ਜਸਟਿਸ ਚਿਤਕਾਰਾ ਵੱਲੋਂ ਕੇਸ ਦੀ ਸੁਣਵਾਈ ’ਤੇ ਇਤਰਾਜ਼ ਜਤਾਇਆ ਸੀ। 

ਇਸ ਤੋਂ ਬਾਅਦ ਉਹ ਕੇਸ ਦੀ ਸੁਣਵਾਈ ਤੋਂ ਹਟ ਗਏ ਸਨ। ਅਜਿਹੇ 'ਚ ਚੀਫ਼ ਜਸਟਿਸ ਨੇ ਰੋਸਟਰ ਦੇ ਮੁਤਾਬਕ ਮਾਮਲਾ ਜਸਟਿਸ ਸੁਰੇਸ਼ਵਰ ਠਾਕੁਰ ਦੀ ਬੈਂਚ ਨੂੰ ਸੌਂਪ ਦਿੱਤਾ। ਕਲਿਆਣੀ ਸਿੰਘ ਨੂੰ ਸੀਬੀਆਈ ਨੇ ਬੀਤੀ 15 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦਾ 6 ਦਿਨ ਦਾ ਰਿਮਾਂਡ ਲਿਆ ਗਿਆ। ਸੀਬੀਆਈ ਨੇ ਕਲਿਆਣੀ 'ਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਸਿੱਪੀ ਦਾ ਕਤਲ ਕਰਨ ਦਾ ਦੋਸ਼ ਹੈ ਪਰ ਅਜੇ ਉਹ ਵਿਅਕਤੀ ਫਰਾਰ ਹੈ। ਜੁਲਾਈ ਵਿਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਸੀਬੀਆਈ ਅਦਾਲਤ ਨੇ ਕਲਿਆਣੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।

ਇਸ ਹੁਕਮ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਿੱਪੀ ਸਿੱਧੂ ਦੀ ਲਾਸ਼ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਸਥਿਤ ਪਾਰਕ 'ਚੋਂ ਮਿਲੀ ਸੀ। ਉਸ ਨੂੰ 4 ਗੋਲੀਆਂ ਲੱਗੀਆਂ ਹੋਈਆਂ ਸਨ। ਸਿੱਪੀ ਦਾ ਵਿਆਹ ਕਲਿਆਣੀ ਨਾਲ ਹੋਣਾ ਸੀ, ਪਰ ਉਨ੍ਹਾਂ ਦੇ ਰਿਸ਼ਤੇ ਵਿਚ ਖਟਾਸ ਆ ਗਈ। ਸੀਬੀਆਈ ਮੁਤਾਬਕ ਸਿੱਪੀ ਨੇ ਕਲਿਆਣੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਵਾਇਰਲ ਕੀਤੀਆਂ ਸਨ। ਇਸ ਨਾਲ ਕਲਿਆਣੀ ਦੀ ਬਹੁਤ ਬਦਨਾਮੀ ਹੋਈ। ਇਸ ਦਾ ਬਦਲਾ ਲੈਣ ਲਈ ਉਸ ਨੇ ਸਿੱਪੀ ਨੂੰ ਮਾਰਨ ਦੀ ਯੋਜਨਾ ਬਣਾਈ। ਹਾਲਾਂਕਿ ਕਲਿਆਣੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।   

ਸੀਬੀਆਈ ਮਾਮਲੇ ਵਿਚ ਦਸੰਬਰ 2020 ਵਿਚ ਚੰਡੀਗੜ੍ਹ ਵਿਚ ਸੀਬੀਆਈ ਕੋਰਟ ਨੇ ਅਨਟਰੇਸ ਰਿਪੋਰਟ ਦਾਇਰ ਕੀਤੀ ਹੈ। ਹਾਲਾਂਕਿ, ਉਸ ਨੇ ਜਾਂਚ ਜਾਰੀ ਰੱਖਣ ਦੀ ਮੰਗ ਕੀਤੀ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਜਾਂਚ ਦੌਰਾਨ ਕਥਿਤ ਤੌਰ 'ਤੇ ਨਵੇਂ ਸਬੂਤ ਮਿਲੇ ਅਤੇ ਕਲਿਆਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਾਮਲਾ ਕਾਫ਼ੀ ਹਾਈ ਪ੍ਰੋਫਾਈਲ ਹੋਣ ਕਾਰਨ ਸੁਰਖੀਆਂ 'ਚ ਰਿਹਾ ਹੈ। ਮੋਹਾਲੀ ਫੇਜ਼ 3ਬੀ 2 ਦੇ ਵਸਨੀਕ ਸਿੱਪੀ ਦੇ ਦਾਦਾ ਵੀ ਹਾਈ ਕੋਰਟ ਵਿਚ ਜੱਜ ਸਨ ਅਤੇ ਉਨ੍ਹਾਂ ਦੇ ਪਿਤਾ ਐਡੀਸ਼ਨਲ ਐਡਵੋਕੇਟ ਜਨਰਲ ਸਨ। ਕਲਿਆਣੀ ਅਤੇ ਉਸ ਦਾ ਪਰਿਵਾਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ।