ਲੁਧਿਆਣਾ 'ਚ ਦਰਦਨਾਕ ਹਾਦਸਾ: ਕਾਲਜ ਜਾ ਰਹੀ ਲੜਕੀ ਨੂੰ ਟਰੱਕ ਨੇ ਕੁਚਲਿਆ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਏ ਦੀ ਵਿਦਿਆਰਥਣ ਸੀ ਮ੍ਰਿਤਕ ਲੜਕੀ

Tragic accident in Ludhiana

 

ਸਾਹਨੇਵਾਲ : ਲੁਧਿਆਣਾ ਦੇ ਸਾਹਨੇਵਾਲ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਕਾਲਜ ਜਾ ਰਹੀ ਲੜਕੀ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਮਾਈ ਭਾਗੋ ਕਾਲਜ ਵਿਚ ਬੀ. ਏ. ਫਾਈਨਲ ਦੀ ਵਿਦਿਆਰਥਣ ਸੀ ਤੇ ਅੱਜ ਸਵੇਰੇ ਅੱਠ ਵਜੇ ਆਪਣੇ ਪਿੰਡੋਂ ਕਾਲਜ ਲਈ ਨਿਕਲੀ ਸੀ।

ਇਸ ਦੌਰਾਨ ਜਦੋਂ ਉਹ ਕੁਹਾੜਾ ਚੌਕ ’ਚ ਪਹੁੰਚੀ ਤਾਂ ਅਚਾਨਕ ਚੰਡੀਗੜ੍ਹ ਸਾਈਡ ਤੋਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਣ ਵਿਦਿਆਰਥਣ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਰਮਨਦੀਪ ਕੌਰ ਪੁੱਤਰੀ ਗੁਰਲਾਲ ਸਿੰਘ ਵਾਸੀ ਪਿੰਡ ਭਾਗਪੁਰ ਵਜੋਂ ਹੋਈ ਹੈ।

ਉਧਰ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਕਾਲਜ ਪ੍ਰਿੰਸੀਪਲ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਆਖਿਆ ਕਿ ਹਾਦਸੇ ਤੋਂ ਦੋ ਘੰਟੇ ਬਾਅਦ ਵੀ ਪੁਲਿਸ ਦਾ ਕੋਈ ਉੱਚ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਨੇ ਪਰਿਵਾਰ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਪੁਲਿਸ ਨਾ ਤਾਂ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਸਕੀ ਹੈ ਅਤੇ ਨਾ ਹੀ ਟਰੱਕ ਨੂੰ ਜ਼ਬਤ ਕੀਤਾ ਹੈ। ਜਦੋਂ ਤਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤਕ ਮ੍ਰਿਤਕ ਵਿਦਿਆਰਥਣ ਦੀ ਲਾਸ਼ ਨਹੀਂ ਚੁੱਕੀ ਜਾਵੇਗੀ।