Punjab News: ਪੰਜਾਬ 'ਚ ਤੜਕਸਾਰ NIA ਦੀ ਛਾਪੇਮਾਰੀ: MP ਅੰਮ੍ਰਿਤਪਾਲ ਸਿੰਘ ਦੇ ਚਾਚੇ ਦੇ ਘਰ NIA ਨੇ ਮਾਰਿਆ ਛਾਪਾ
Punjab News: ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਡ ਵਿਖੇ ਐਨਆਈਏ ਵੱਲੋਂ ਰੇਡ ਕੀਤੀ ਜਾ ਰਹੀ ਹੈ।
Punjab News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।ਅੱਜ ਸਵੇਰੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀਆਂ ਟੀਮਾਂ ਨੇ ਮੋਗਾ ਅਤੇ ਅੰਮ੍ਰਿਤਸਰ ਵਿੱਚ ਛਾਪੇਮਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਨੇ ਸਵੇਰੇ 6 ਵਜੇ ਅੰਮ੍ਰਿਤਸਰ ਵਿੱਚ ਤਿੰਨ ਅਤੇ ਮੋਗਾ ਵਿੱਚ ਇੱਕ ਥਾਂ ’ਤੇ ਛਾਪੇਮਾਰੀ ਕੀਤੀ ਹੈ। ਅੰਮ੍ਰਿਤਸਰ ਵਿੱਚ ਮਾਰੇ ਗਏ ਛਾਪੇ ਦਾ ਸਿੱਧਾ ਸਬੰਧ ਅੰਮ੍ਰਿਤਪਾਲ ਸਿੰਘ ਨਾਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਰਈਆ ਨੇੜੇ ਫੇਰੋਮੋਨ ਰੋਡ ’ਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਪ੍ਰਗਟ ਸਿੰਘ ਦਾ ਚਾਚਾ ਫਰਨੀਚਰ ਦਾ ਕੰਮ ਕਰਦਾ ਹੈ। ਚਾਚਾ ਘਰ ਚ ਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਚਾਚੀ ਅਮਰਜੀਤ ਕੌਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ।
ਜਦੋਂਕਿ ਦੂਸਰੀ ਛਾਪੇਮਾਰੀ ਅੰਮ੍ਰਿਤਸਰ ਦੇ ਸਠਿਆਲਾ ਨੇੜੇ ਬੁਤਾਲਾ ਵਿੱਚ ਅੰਮ੍ਰਿਤਪਾਲ ਦੇ ਜੀਜੇ ਦੇ ਘਰ ਅਤੇ ਤੀਜੀ ਛਾਪੇਮਾਰੀ ਮਹਿਤਾ ਵਿੱਚ ਅੰਮ੍ਰਿਤਪਾਲ ਦੇ ਜੀਜੇ ਦੇ ਜੀਜੇ ਘਰ ਕੀਤੀ ਗਈ। ਤਿੰਨੋਂ ਛਾਪੇ ਅੰਮ੍ਰਿਤਪਾਲ ਨਾਲ ਜੁੜੇ ਹੋਏ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਛਾਪੇਮਾਰੀ 'ਚ NIA ਨੂੰ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਨਾਲ ਜੁੜੇ ਸਬੂਤ ਅਤੇ ਜਾਣਕਾਰੀ ਲੱਭਣ ਲਈ ਕੀਤੀ ਗਈ ਹੈ।
ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਸਮਾਲਸਰ ਕਸਬੇ ਵਿੱਚ ਕਵੀਸ਼ਰੀ ਮੱਖਣ ਸਿੰਘ ਮੁਸਾਫਿਰ ਦੇ ਘਰ ਵੀ ਸਵੇਰੇ 6 ਵਜੇ ਐਨਆਈਏ ਦੀਆਂ ਟੀਮਾਂ ਪਹੁੰਚੀਆਂ। ਟੀਮਾਂ ਸਵੇਰ ਤੋਂ ਹੀ ਘਰ ਦੇ ਅੰਦਰ ਮੌਜੂਦ ਹਨ ਅਤੇ ਜਾਂਚ ਕਰ ਰਹੀਆਂ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇੱਥੇ ਛਾਪੇਮਾਰੀ ਕਿਸ ਮਕਸਦ ਲਈ ਕੀਤੀ ਗਈ ਸੀ। ਪਰ ਅੰਦਾਜ਼ਾ ਇਹ ਹੈ ਕਿ ਇਹ ਛਾਪਾ ਵੀ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਹੈ।
ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਤੋਂ ਬਾਅਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਟੀਮ ਵੀ ਸਰਗਰਮ ਹੋ ਗਈ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ 'ਤੇ ਦੋਸ਼ ਲਾਏ ਹਨ। ਅੰਮ੍ਰਿਤਪਾਲ ਸਿੰਘ ਦੀ ਟੀਮ ਦੇ ਮੈਂਬਰ ਨੇ ਦੱਸਿਆ ਕਿ ਜਦੋਂ ਤੋਂ ਬਾਬਾ ਬਕਾਲਾ ਸਾਹਿਬ ਦੇ ਰੱਖੜ ਪੁੰਨਿਆ ਵਿਖੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸਟੇਜ ਸਜਾਈ ਗਈ ਹੈ, ਉਦੋਂ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਘਬਰਾ ਗਈਆਂ ਹਨ।
ਅੱਜ ਅੰਮ੍ਰਿਤਪਾਲ ਸਿੰਘ ਦੇ ਚਾਚਾ, ਜੀਜਾ ਅਤੇ ਹੋਰ ਰਿਸ਼ਤੇਦਾਰਾਂ ਦੇ ਘਰ ਛਾਪਾ ਮਾਰ ਕੇ ਉਨ੍ਹਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ। ਜਦਕਿ 1.97 ਲੱਖ ਵੋਟਾਂ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਰਿਹਾਅ ਕਰਨ ਦੀ ਬਜਾਏ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਅੰਮ੍ਰਿਤਸਰ ਤੋਂ ਕਰੀਬ 40 ਕਿਲੋਮੀਟਰ ਦੂਰ ਪਿੰਡ ਜੱਲੂਪੁਰ ਖੇੜਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦਿਓ ਸੰਸਥਾ ਦੇ ਮੁਖੀ ਹਨ। ਉਹ ਖਡੂਰ ਸਾਹਿਬ ਸੀਟ ਤੋਂ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਸਨ। 23 ਫਰਵਰੀ 2023 ਨੂੰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਦਾਖਲ ਹੋਈ।
ਇਸ ਤੋਂ ਬਾਅਦ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। 18 ਮਾਰਚ ਨੂੰ ਅੰਮ੍ਰਿਤਪਾਲ ਘਰੋਂ ਭੱਜ ਗਿਆ ਸੀ। ਪੁਲਿਸ ਨੇ ਜਾਂਚ ਏਜੰਸੀਆਂ ਦੇ ਨਾਲ ਮਿਲ ਕੇ ਇੱਕ ਮਹੀਨੇ ਤੱਕ ਉਸ ਦੀ ਭਾਲ ਜਾਰੀ ਰੱਖੀ। 23 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ।
ਉਦੋਂ ਤੋਂ ਅੰਮ੍ਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਗਰਮਖਿਆਲੀ ਵਿਚਾਰਧਾਰਾ ਦਾ ਸਮਰਥਨ ਕਰਨ ਦੇ ਦੋਸ਼ 'ਚ ਉਸ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਲਗਾਇਆ ਗਿਆ ਹੈ। ਅੰਮ੍ਰਿਤਪਾਲ ਨੂੰ ਚੋਣ ਪ੍ਰਚਾਰ ਲਈ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ, ਫਿਰ ਵੀ ਉਸ ਨੂੰ 4 ਲੱਖ ਤੋਂ ਵੱਧ ਵੋਟਾਂ ਮਿਲੀਆਂ।