ਦੁੱਖ-ਦਰਦ ਵਿਚ ਇਕੱਲੇ ਨਹੀਂ ਪੰਜਾਬੀ, ਭਾਜਪਾ ਹਰ ਸਮੇਂ ਨਾਲ ਖੜ੍ਹੀ : ਅਸ਼ਵਨੀ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਪੰਜਾਬ ਦੇ ਨਾਲ ਖੜ੍ਹੀ ਹੈ- ਅਸ਼ਵਨੀ ਸ਼ਰਮਾ

Punjabis are not alone in their suffering, BJP stands with them at all times: Ashwani Sharma

ਚੰਡੀਗੜ੍ਹ: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਜ਼ਿਲਾ ਪਠਾਨਕੋਟ ਦੇ ਅਧੀਨ ਭੋਆ ਹਲਕੇ ਦੇ ਕਈ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਕੋਹਲੀਆਂ, ਮਨਜੀਰੀ ਅਤੇ ਪੰਮਾ ਆਦਿ ਪਿੰਡਾਂ ਵਿੱਚ ਪਹੁੰਚੇ ਸ਼ਰਮਾ ਨੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਪੰਜਾਬੀ ਇਸ ਸੰਗੀਨ ਹਾਲਤ ਵਿੱਚ ਅਕੇਲੇ ਨਹੀਂ ਹਨ, ਭਾਜਪਾ ਹਰ ਵੇਲੇ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਲੋਕਾਂ ਨੂੰ ਜਾਇਦਾਦ, ਖੇਤੀਬਾੜੀ ਅਤੇ ਪਸ਼ੂ-ਪਾਲਣ ਵਿੱਚ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਪਰਿਵਾਰ ਬੇਹੱਦ ਪਰੇਸ਼ਾਨ ਹਨ। ਅਜਿਹੇ ਵਿੱਚ ਜ਼ਰੂਰਤ ਹੈ ਕਿ ਸਰਕਾਰ ਵੱਲੋਂ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰਕੇ ਬਿਨਾਂ ਕਿਸੇ ਭੇਦਭਾਵ ਦੇ ਸਹਾਇਤਾ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇ।

ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਰਾਜਾਂ ਦੀ ਸਹਾਇਤਾ ਲਈ ਵੱਡੇ ਪੱਧਰ ’ਤੇ ਫੰਡ ਜਾਰੀ ਕੀਤੇ ਗਏ ਹਨ ਅਤੇ ਭਾਜਪਾ ਇਹ ਯਕੀਨੀ ਬਣਾਏਗੀ ਕਿ ਪੰਜਾਬ ਦੇ ਲੋਕਾਂ ਨੂੰ ਵੀ ਇਸਦਾ ਪੂਰਾ ਲਾਭ ਮਿਲੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵੱਲੋਂ ਪੀੜਤਾਂ ਲਈ ਰਾਹਤ ਸਮੱਗਰੀ, ਰਾਸ਼ਨ ਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਬਿਜਲੀ, ਪਾਣੀ ਅਤੇ ਸਫ਼ਾਈ ਸਬੰਧੀ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸ਼ਰਮਾ ਨੇ ਲੋਕਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਉਨ੍ਹਾਂ ਦੀ ਸੇਵਾ ਲਈ ਤਿਆਰ ਹੈ ਅਤੇ ਪਾਰਟੀ ਦੀ ਕੋਸ਼ਿਸ਼ ਰਹੇਗੀ ਕਿ ਹੜ੍ਹ ਪੀੜਤ ਜਲਦੀ ਤੋਂ ਜਲਦੀ ਆਪਣੀ ਸਧਾਰਨ ਜ਼ਿੰਦਗੀ ਵੱਲ ਵਾਪਸ ਆ ਸਕਣ।