ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਘੇਰੀ ਸੁਖਪਾਲ ਖਹਿਰਾ ਦੀ ਗੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਣਾ ਮਹਿੰਗਾ ਪੈ ਗਿਆ............

Sukhpal Singh Khaira

ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਣਾ ਮਹਿੰਗਾ ਪੈ ਗਿਆ | ਬੀਤੇ ਦਿਨੀ ਵਿਧਾਇਕ ਖਹਿਰਾ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪਹੁੰਚੇ | ਖਹਿਰਾ ਨੇ ਹੜਤਾਲ ਉਤੇ ਬੈਠੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਯੂਨੀਵਰਸਿਟੀ ਵਿਚ ਲੜਕੀਆਂ ਉੱਤੇ ਅੱਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੜਕੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ |

ਜਿਵੇ ਹੀ ਸੁਖਪਾਲ ਖਹਿਰਾ ਧਰਨੇ 'ਤੇ ਬੈਠੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਵਾਪਿਸ ਜਾਣ ਲੱਗੇ ਤਾਂ ਦੂਜੇ ਧੜੇ ਦੇ ਵਿਦਿਆਰਥੀਆਂ ਨੇ ਖਹਿਰਾ ਨੂੰ ਘੇਰਾ ਪਾ ਲਿਆ | ਉਨ੍ਹਾਂ ਵਿਦਿਆਰਥੀਆਂ ਨੇ ਮੰਗ ਰੱਖੀ ਕਿ ਖਹਿਰਾ ਉਨ੍ਹਾਂ ਦਾ ਪੱਖ ਵੀ ਸੁਨਣ ਪਰ ਖਹਿਰਾ ਦੂਜੇ ਧੜੇ ਦੇ ਵਿਦਿਆਰਥੀਆਂ ਨੂੰ ਬਾਅਦ ਵਿਚ ਮਿਲਣ ਦੇ ਕਹਿ ਕੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ | ਜਿਸ ਤੋਂ ਬਾਅਦ ਵਿਦਿਆਰਥੀ ਭੜਕ ਉਥੇ ਅਤੇ ਖਹਿਰਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ |

ਖਹਿਰਾ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਖਹਿਰਾ ਦੀ ਗੱਡੀ ਨੂੰ ਘੇਰਾ ਪਾ ਲਿਆ ਅਤੇ ਖਹਿਰਾ ਬਹੁਤ ਹੀ ਮੁਸ਼ਕਿਲ ਨਾਲ ਉਥੋਂ ਨਿਕਲੇ | ਦੱਸ ਦੇਈਏ ਪਿਛਲੇ ਕਈ ਦਿਨਾਂ ਤੋਂ ਕੁੜੀਆਂ ਦੇ ਹੋਸਟਲ ਦਾ ਸਮਾਂ ਵਧਾਉਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੰਗ ਦਾ ਅਖਾੜਾ ਬਣੀ ਹੋਈ ਸੀ ਅਤੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਕਾਰ ਕਈ ਵਾਰ ਕੁੱਟਮਾਰ ਵੀ ਹੋ ਚੁੱਕੀ ਸੀ | 

ਫਿਲਹਾਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਹਨ ਅਤੇ ਲੜਕੀਆਂ ਦੇ ਹੋਸਟਲ ਦਾ ਸਮਾਂ ਵਧਾ ਦਿੱਤਾ ਹੈ | ਪ੍ਰਸ਼ਾਸਨ ਨੇ ਲੜਕੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ ਦੇ 8 ਵਜੇ ਤੋਂ ਵਧਾ ਕੇ 9 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ। ਹੋਸਟਲ ਵਿਚ ਰਹਿਣ ਵਾਲੀਆਂ ਜਿਹੜੀਆਂ ਵਿਦਿਆਰਥਣਾਂ ਰਾਤ 10.00 ਵਜੇ ਤੱਕ ਹੋਸਟਲ 'ਚ ਆਉਣਗੀਆਂ, ਉਨ੍ਹਾਂ ਤੋਂ ਕੋਈ ਲੇਟ ਐਂਟਰੀ ਫ਼ੀਸ ਵਸੂਲ ਨਹੀਂ ਕੀਤੀ ਜਾਵੇਗੀ ਪਰ ਉਹ ਹੋਸਟਲ 'ਚ ਦਾਖ਼ਲੇ ਸਮੇਂ ਇਸ ਮੰਤਵ ਲਈ ਰੱਖੇ ਰਜਿਸਟਰ 'ਚ ਐਂਟਰੀ ਕਰਨਗੀਆਂ।