ਕੈਪਟਨ ਨੇ ਦਿੱਤਾ ਹਰਸਿਮਰਤ ਨੂੰ ਠੋਕਵਾਂ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸੱਤਾ ਦੇ ਨਸ਼ੇ 'ਚ ਚੂਰ ਹੁੰਦੇ ਸਨ ਅਕਾਲੀ, ਸਿਆਸੀ ਲਾਹਾ ਖੱਟਣ ਲਈ ਧਰਮ ਦਾ ਸ਼ੋਸ਼ਣ ਕਰਨ ਦੀ ਵੀ ਸ਼ਰਮ ਨਹੀਂ ਖਾਂਦੇ'

Captain Amarinder Singh

ਚੰਡੀਗੜ੍ਹ : ਹਰਸਿਮਰਤ ਕੌਰ ਬਾਦਲ ਵਲੋਂ ਸੂਬਾ ਸਰਕਾਰ ਵਿਰੁਧ ਕੀਤੀ ਬਿਆਨਬਾਜ਼ੀ ਦਾ ਠੋਕਵਾਂ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਸ ਦੀ ਪਾਰਟੀ ਅਕਾਲੀ ਦਲ ਦੀ ਸਰਕਾਰ ਦੌਰਾਨ ਅਕਾਲੀ ਆਗੂ ਖੁਦ ਹੀ ਰਾਜਸੀ ਸ਼ਕਤੀ ਦੇ ਬਲਬੂਤੇ ਬੜੀ ਬੇਸ਼ਰਮੀ ਅਤੇ ਗਿਣਮਿੱਥ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੱਤਕ ਕਰਦੇ ਰਹੇ ਹਨ ਪਰ ਇਸ ਤੋਂ ਬਿਲਕੁਲ ਉਲਟ ਸਾਡੀ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚਤਾ ਨੂੰ ਪ੍ਰਵਾਨ ਕਰਦਿਆਂ ਇਸ ਦਾ ਹਰ ਪੱਖੋਂ ਮਾਣ ਤੇ ਸਤਿਕਾਰ ਕੀਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ 10 ਸਾਲਾਂ ਦੇ ਰਾਜਕਾਲ ਦੌਰਾਨ ਹਰਸਿਮਰਤ ਬਾਦਲ ਸਮੇਤ ਸਾਰੇ ਅਕਾਲੀ ਸੱਤਾ ਦੇ ਨਸ਼ੇ ਵਿੱਚ ਚੂਰ ਹੁੰਦੇ ਸਨ ਜਿਨ੍ਹਾਂ ਨੇ ਆਪਣੇ ਦਮਨਕਾਰੀ ਰਾਜ ਦੌਰਾਨ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਖਸ਼ਿਆ ਅਤੇ ਨਾ ਹੀ ਪੰਜਾਬ ਦੇ ਲੋਕਾਂ ਨਾਲ ਕੋਈ ਲਿਹਾਜ਼ ਵਰਤਿਆ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਸੌੜੇ ਸਿਆਸੀ ਲਾਭ ਦੀ ਖਾਤਰ ਅਜਿਹੇ ਕੋਰੇ ਝੂਠ ਬੋਲਣੇ ਬੰਦ ਕਰਨ ਲਈ ਆਖਿਆ। ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਦਿਵਸ ਮੌਕੇ ਸਾਂਝੇ ਸਮਾਗਮਾਂ ਦੇ ਮੁੱਦੇ 'ਤੇ ਹਰਸਿਮਰਤ ਬਾਦਲ ਵਲੋਂ ਉਨ੍ਹਾਂ ਦੀ ਸਰਕਾਰ ਵਿਰੁੱਧ ਲਾਏ ਦੋਸ਼ਾਂ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਇਹ ਹਰ ਕੋਈ ਭਲੀ ਭਾਂਤ ਜਾਣਦਾ ਹੈ ਕਿ ਹੰਕਾਰ ਵਿੱਚ ਡੁੱਬੇ ਹੋਏ ਤੁਸੀਂ (ਅਕਾਲੀ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਕਿਹੋ ਜਿਹਾ ਸਲੂਕ ਕਰਦੇ ਰਹੇ ਹੋ ਅਤੇ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਆਪਣੀ ਸ਼ਰਤਾਂ ਥੋਪ ਕੇ ਸਿੱਖ ਸੰਸਥਾ ਦੀ ਦੁਰਵਰਤੋਂ ਕਰਨ ਦੀਆਂ ਘਟੀਆ ਚਾਲਾਂ ਚੱਲ ਰਹੇ ਹੋ।"

ਮੁੱਖ ਮੰਤਰੀ ਨੇ ਕਿਹਾ, "ਹਰਸਿਮਰਤ ਅਤੇ ਅਕਾਲੀਆਂ ਵਿੱਚ ਸਹੀ ਫੈਸਲਾ ਲੈਣ ਦੀ ਸੂਝ-ਬੂਝ ਨਹੀਂ ਹੈ। ਇਕ ਪਾਸੇ ਤਾਂ ਹਰਸਿਮਰਤ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਸਰਕਾਰ ਦੇ ਸੋਹਲੇ ਗਾ ਰਹੀ ਹੈ ਅਤੇ ਦੂਜੇ ਪਾਸੇ ਉਸ ਦਾ ਪਤੀ ਸੁਖਬੀਰ ਸਿੰਘ ਬਾਦਲ ਹਰਿਆਣਾ ਚੋਣਾਂ ਵਿੱਚ ਪ੍ਰਚਾਰ ਦੌਰਾਨ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਦੀਆਂ ਅਪੀਲਾਂ ਕਰ ਰਿਹਾ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਦੇ ਇਸ ਦੂਹਰੇ ਕਿਰਦਾਰ ਦਾ ਪਰਦਾਫਾਸ਼ ਤਾਂ ਬਹੁਤ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਸੂਬੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੋਈਆਂ ਚੋਣਾਂ ਵਿੱਚ ਅਕਾਲੀ ਲੀਡਰਸ਼ਿਪ ਨੂੰ ਵਾਰ-ਵਾਰ ਮੂੰਹ ਦੀ ਖਾਣੀ ਪਈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਵਜੋਂ ਹੋਣ ਵਾਲੇ ਸਮਾਗਮ ਸਾਂਝੇ ਤੌਰ 'ਤੇ ਮਨਾਉਣ ਲਈ ਉਹ ਕਈ ਮਹੀਨਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਨਿੱਜੀ ਤੌਰ 'ਤੇ ਅਪੀਲਾਂ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਪਣੀ ਚੌਧਰ ਜਮਾਉਣ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਲੀਹੋਂ ਲਾਹੁਣ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਅਕਾਲੀ ਆਪਣੇ ਸਿਆਸੀ ਹਿੱਤ ਪੂਰਨ ਲਈ ਹਮੇਸ਼ਾ ਹੀ ਧਰਮ ਦਾ ਸ਼ੋਸਣ ਕਰਦੇ ਆਏ ਹਨ ਪਰ ਫਿਰ ਵੀ ਉਹ ਆਸ ਕਰਦੇ ਸਨ ਕਿ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ 'ਤੇ ਸ਼ਾਇਦ ਅਕਾਲੀ ਕੁਝ ਸਿਆਣਪ ਦਿਖਾਉਂਦੇ। '

ਕੈਪਟਨ ਨੇ ਕਿਹਾ, "ਜੇਕਰ ਆਪਣੇ ਲਾਭ ਲਈ ਧਾਰਮਿਕ ਸਮਾਗਮਾਂ ਨੂੰ ਹਾਈਜੈਕ ਕਰਨ ਲਈ ਇਹ ਨਿਰਾਸ਼ਾਜਨਕ ਕੋਸ਼ਿਸ਼ ਨਹੀਂ ਹੈ ਤਾਂ ਇਹ ਹੋਰ ਕੀ ਹੈ। ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਬਿਨਾਂ ਪੁਸ਼ਟੀ ਵਾਲੇ ਪ੍ਰੋਗਰਾਮਾਂ ਦਾ ਐਲਾਨ ਕਰ ਕੇ ਹਰਸਿਮਰਤ ਨੇ ਇਨ੍ਹਾਂ ਦੋਵੇਂ ਸਿਖਰਲੇ ਅਹੁਦਿਆਂ ਦੇ ਗੌਰਵ ਨੂੰ ਸੱਟ ਮਾਰੀ ਹੈ। ਇਨ੍ਹਾਂ ਦੋਵੇਂ ਸ਼ਖਸੀਅਤਾਂ ਦੇ ਪ੍ਰੋਗਰਾਮ ਜਾਰੀ ਕਰਨ ਦਾ ਕੰਮ ਪ੍ਰਧਾਨ ਮੰਤਰੀ ਦਫ਼ਤਰ ਅਤੇ ਰਾਸ਼ਟਰਪਤੀ ਭਵਨ ਦਾ ਹੈ ਪਰ ਹਰਸਿਮਰਤ ਨੇ ਬੜੇ ਗਲਤ ਢੰਗ ਨਾਲ ਤੈਅ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਕੇਂਦਰ ਸਰਕਾਰ ਵਿੱਚ ਆਪਣੀ ਅਣਹੋਂਦ ਦਾ ਪ੍ਰਗਟਾਵਾ ਕੀਤਾ ਹੈ।"