ਕੇਂਦਰ ਨਾਲ ਗੱਲਬਾਤ ਲਈ ਰਾਜੀ ਹੋਈਆਂ ਕਿਸਾਨ ਜਥੇਬੰਦੀਆਂ, 7 ਮੈਂਬਰੀ ਕਮੇਟੀ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਦੇ ਵਾਰ-ਵਾਰ ਸੱਦਿਆਂ ਬਾਅਦ ਲਿਆ ਫੈਸਲਾ

Balbir Singh Rajewal

ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਸੱਦਾ ਸਵੀਕਾਰ ਕਰਦਿਆਂ ਗੱਲਬਾਤ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਮੁਤਾਬਕ ਅੱਜ ਕਿਸਾਨ ਯੂਨੀਅਨਾਂ ਦੀ ਹੋਈ ਮੀਟਿੰਗ ਦੌਰਾਨ ਕੇਂਦਰ ਦੇ ਗੱਲਬਾਤ ਦੇ ਸੱਦੇ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਸੱਦੇ ਉਪਰ ਸਹਿਮਤੀ ਦਿੰਦਿਆਂ 7 ਮੈਂਬਰੀ ਕਮੇਟੀ ਬਣਾਈ ਹੈ ਜੋ ਕਿਸਾਨਾਂ ਦੇ ਪੱਖ ਨੂੰ ਮਜਬੂਤੀ ਨਾਲ ਸਰਕਾਰ ਅੱਗੇ ਰੱਖੇਗੀ।

ਕਾਬਲੇਗੌਰ ਹੈ ਕਿ ਭਾਜਪਾ ਆਗੂਆਂ ਵਲੋਂ ਕਿਸਾਨਾਂ ਨੂੰ ਕੇਂਦਰ ਨਾਲ ਗੱਲਬਾਤ ਲਈ ਕਹਿੰਦਿਆਂ ਦਾਅਵੇ ਕੀਤੇ ਜਾ ਰਹੇ ਸਨ ਕਿ ਕੇਂਦਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਕਿਸਾਨਾਂ ਨੂੰ ਆਪਣਾ ਪੱਖ ਸਰਕਾਰ ਸਾਹਮਣੇ ਰੱਖਣ ਲਈ ਗੱਲਬਾਤ ਦਾ ਸੱਦਾ ਸਵੀਕਾਰ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਮੁਤਾਬਕ ਉਨ੍ਹਾਂ ਨੇ ਸਰਕਾਰ ਦੇ ਵਾਰ-ਵਾਰ ਸੱਦਾ ਭੇਜਣ ਬਾਦ ਗੱਲਬਾਤ ਦੀ ਹਾਮੀ ਭਰੀ ਹੈ ਤਾਂ ਜੋ ਸਰਕਾਰ ਨੂੰ ਕੋਈ ਬਹਾਨਾ ਨਾ ਮਿਲ ਸਕੇ।

ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਗੱਲਬਾਤ ਅਸਫਲ ਰਹਿਣ ਦੀ ਸੂਰਤ ‘ਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਕਰਦਿਆਂ 5 ਨਵੰਬਰ ਨੂੰ ਦੇਸ਼ ਵਿਆਪੀ ਬੰਦ ਦਾ ਐਲਾਨ ਵੀ ਕੀਤਾ ਹੈ। । ਪੰਜਾਬ ਵਿੱਚ ਚੱਲ ਰਹੀ ਰੇਲ ਰੋਕੋ ਅੰਦੋਲਨ ਨੂੰ ਇਸ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਅਗਲਾ ਫੈਸਲਾ 15 ਅਕਤੂਬਰ ਨੂੰ ਹੋਣ ਵਾਲੀ ਇਸ ਮੀਟਿੰਗ ਵਿਚ ਲਿਆ ਜਾਵੇਗਾ

ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ 29 ਕਿਸਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ । ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਕੇਂਦਰੀ ਸਕੱਤਰ ਨਾਲ ਗੱਲ ਕਰਨ ਲਈ ਆਪਣਾ ਕੇਸ ਤਿਆਰ ਕਰ ਲਿਆ ਹੈ ਅਤੇ ਕੱਲ ਅਸੀਂ ਆਪਣਾ ਕੇਸ ਅੱਗੇ ਰੱਖਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਗੱਲਬਾਤ ਸਿਰਫ਼ ਮੰਤਰੀਆਂ ਦੇ ਸਮੂਹ ਨਾਲ ਕੀਤੀ ਜਾਵੇਗੀ।