ਮਨਜਿੰਦਰ ਸਿਰਸਾ ਨੇ ਕੋਲਕਾਤਾ ਪੁਲਿਸ ਮੁਲਾਜ਼ਮਾਂ ਵਿਰੁਧ ਦਰਜ ਕਰਵਾਈ ਸ਼ਿਕਾਇਤ

ਏਜੰਸੀ

ਖ਼ਬਰਾਂ, ਪੰਜਾਬ

ਮਨਜਿੰਦਰ ਸਿਰਸਾ ਨੇ ਕੋਲਕਾਤਾ ਪੁਲਿਸ ਮੁਲਾਜ਼ਮਾਂ ਵਿਰੁਧ ਦਰਜ ਕਰਵਾਈ ਸ਼ਿਕਾਇਤ

image

ਸਾਡਾ ਮਸਲਾ ਸਿੱਖੀ ਦਾ ਹੈ, ਭਾਜਪਾ ਤੇ ਟੀ.ਐਮ.ਸੀ ਦੇ ਰੌਲੇ ਨਾਲ ਕੋਈ ਲੈਣ-ਦੇਣ ਨਹੀਂ : ਸਿਰਸਾ

ਨਵੀਂ ਦਿੱਲੀ, 12 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੱਛਮੀ ਬੰਗਾਲ ਦੇ ਅਪਣੇ ਦੌਰੇ ਦੇ ਦੂਜੇ ਦਿਨ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੋਲਕਾਤਾ ਪੁਲਿਸ ਦੇ ਮੁਲਾਜ਼ਮਾਂ ਵਿਰੁਧ ਥਾਣਾ ਹਾਵੜਾ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਦਰਜ ਕਰਵਾਉਣ ਮਗਰੋਂ ਉਨ੍ਹਾਂ ਦਸਿਆ ਕਿ ਡੀ.ਜੀ.ਪੀ  ਪੱਛਮੀ ਬੰਗਾਲ ਦੇ ਨਾਂ 'ਤੇ ਉਨ੍ਹਾਂ ਨੇ ਇਹ ਸ਼ਿਕਾਇਤ ਦਿਤੀ ਹੈ ਤੇ ਇਸ ਸ਼ਿਕਾਇਤ ਵਿਚ ਮੰਗ ਕੀਤੀ ਗਈ ਹੈ ਕਿ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੋਲਕਾਤਾ ਪੁਲਿਸ ਦੇ ਮੁਲਾਜ਼ਮਾਂ ਵਿਰੁਧ ਧਾਰਾ 295-ਏ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਬਲਵਿੰਦਰ ਸਿੰਘ ਨੇ ਕਾਰਗਿਲ, ਅਪ੍ਰੇਸ਼ਨ ਪ੍ਰਕਾਰਮ ਤੇ ਹੋਰ ਅਨੇਕਾਂ ਮੁਹਿੰਮਾਂ ਵਿਚ ਭਾਗ ਲੈ ਕੇ ਦੇਸ਼ ਦੀ ਰਖਿਆ ਕੀਤੀ ਹੈ। ਇਸ ਤੋਂ ਇਲਾਵਾ ਉਹ ਬਲੈਕ ਕੈਟ ਕਮਾਂਡੋ ਵੀ ਰਿਹਾ ਹੈ ਤੇ ਐਨ.ਐਸ.ਜੀ ਵਿਚ ਉਸ ਨੇ ਦੇਸ਼ ਦੀ ਸੇਵਾ ਕੀਤੀ ਹੈ ਪਰ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਕੋਲਕਾਤਾ ਪੁਲਿਸ ਨੇ ਬਲਵਿੰਦਰ ਸਿੰਘ ਨਾਲ ਅਣਮਨੁੱਖੀ ਵਿਵਹਾਰ ਕੀਤਾ। ਉਨ੍ਹਾਂ ਦਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੱਛਮੀ ਬੰਗਾਲ ਵਿਚ ਲੜਾਈ ਭਾਜਪਾ ਤੇ ਟੀ.ਐਮ.ਸੀ ਵਿਚਾਲੇ ਹੈ ਪਰ ਇਸ ਲੜਾਈ ਵਿਚ ਰਾਜਸੀ ਲਾਹਾ ਲੈਣ ਲਈ ਸਿੱਖ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਇਸ ਸਿੱਖ ਕੋਲ ਅਪਣੇ ਅਸਲੇ ਦਾ ਆਲ ਇੰਡੀਆ ਦਾ ਲਾਇਸੰਸ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਇਸ ਨੌਜਵਾਨ ਨੂੰ ਤੁਰਤ ਰਿਹਾਅ ਕਰੇ ਤੇ ਜੇ ਅਜਿਹਾ ਨਾ ਕੀਤਾ ਤਾਂ ਫਿਰ ਦੁਨੀਆਂ ਭਰ ਦੇ ਸਿੱਖਾਂ ਵਿਚ ਰੋਹ ਦੀ ਲਹਿਰ ਦੌੜੇਗੀ।
ਸ. ਸਿਰਸਾ ਦੀ ਅਗਵਾਈ ਵਾਲੇ ਵਫ਼ਦ ਨੇ ਰਛਪਾਲ ਸਿੰਘ ਸਾਬਕਾ ਮੰਤਰੀ ਤੇ ਮੌਜੂਦਾ ਐਮ.ਐਲ.ਏ ਅਤੇ ਚੇਅਰਮੈਨ ਵੈਸਟ ਬੰਗਾਲ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਮਿਲ ਕੇ ਉਨ੍ਹਾਂ ਨੂੰ ਵੀ ਅਪੀਲ ਕੀਤੀ ਕਿ ਪੱਛਮੀ ਬੰਗਾਲ ਸਰਕਾਰ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਬਲਵਿੰਦਰ ਸਿੰਘ ਨੂੰ ਰਿਹਾਅ ਕਰੇ ਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁਧ ਕਾਰਵਾਈ ਕੀਤੀ ਜਾਵੇ। 


ਫੋਟੋ ਕੈਪਸ਼ਨ: ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਚੰਢੋਕ, ਸਰਵਜੀਤ ਸਿੰਘ ਵਿਰਕ ਤੇ ਹੋਰ ਆਗੂ ਕੋਲਕਾਤਾ ਪੁਲਿਸ ਮੁਲਾਜ਼ਮਾਂ ਵਿਰੁਧ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।