ਫਿਰੌਤੀ ਨਾ ਦੇਣ ਉਤੇ ਪਟਰੌਲ ਪੰਪ ਮਾਲਕ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਖ਼ਮੀ ਪੰਪ ਦੇ ਮਾਲਿਕ ਨੂੰ ਅਗ਼ਵਾ ਕਰ ਕੇ ਦੋ ਘੰਟੇ ਘੁੰਮਾਉਦੇ ਰਹੇ ਅਰੋਪੀ

image

ਮੋਗਾ, 13 ਅਕਤੂਬਰ (ਅਰੁਣ ਗੁਲਾਟੀ): ਨਜ਼ਦੀਕੀ ਪਿੰਡ ਚੜ੍ਹਿਕ ਦੇ ਕੋਲ ਕੁੱਝ ਵਿਅਕਤੀਆਂ ਨੇ ਫ਼ਿਲਮੀ ਅੰਦਾਜ ਵਿਚ ਪਟਰੌਲ ਪੰਪ ਦੇ ਮਾਲਕ ਨੂੰ ਘੇਰਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੋਲੀ ਮਾਰਕੇ ਜ਼ਖ਼ਮੀ ਕਰਨ ਤੋਂ ਬਾਅਦ ਉਸ ਨੂੰ ਅਗਗ਼ਾ ਕਰ ਕੇ ਅਪਣੇ ਨਾਲ ਲੈ ਗਏ। ਇਸ ਘਟਨਾਂ ਨੂੰ ਅੰਜਾਮ ਦੇਣ ਦਾ ਕਾਰਨ ਪਟਰੌਲ ਪੰਪ ਵਲੋਂ ਅਰੋਪੀ ਲੋਕਾਂ ਨੂੰ ਦੋ ਲੱਖ ਰੁਪਏ ਦੀ ਫ਼ਿਰੋਤੀ ਨਾ ਦੇਣਾ ਦਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਚਾਰੋਂ ਪਾਸੇ ਅਰੋਪੀਆਂ ਦੀ ਤਲਾਸ਼ ਵਿਚ ਸ਼ਿਕੰਜਾ ਕੱਸਿਆ ਤਾਂ ਮੁਲਜ਼ਮ ਦੋ ਘੰਟੇ ਬਾਅਦ ਪੀੜਤ ਪੰਪ ਦੇ ਮਾਲਿਕ ਨੂੰ ਪਿੰਡ ਚੂੱਘਾ ਖੁਰਦ ਵਿਖੇ ਛੱਡ ਕੇ ਫ਼ਰਾਰ ਹੋ ਗਏ। ਸਿਵਲ ਹਸਪਤਾਲ ਵਿਚ ਦਾਖ਼ਲ ਹਰਮਨਪ੍ਰੀਤ ਸਿੰਘ ਵਾਸੀ ਬਾਘਾਪੁਰਾਣਾ ਨੇ ਦਸਿਆ ਕਿ ਉਸ ਦਾ ਇਕ ਪਟਰੌਲ ਪੰਪ ਪਿੰਡ ਬੁੱਟਰ ਦੇ ਕੋਲ ਹੈ।

image


   ਉਸ ਨੇ ਦਸਿਆ ਕਿ ਤਲਵੰਡੀ ਭੰਗੇਰੀਆਂ ਵਾਸੀ ਬਲਦੇਵ ਸਿੰਘ ਉਸ ਦਾ ਨਜ਼ਦੀਕੀ ਹੋਣ ਕਰ ਕੇ ਉਸ ਕੋਲੋ ਇਕ ਲੱਖ 88 ਹਜ਼ਾਰ ਰੁਪਏ ਲੈਣੇ ਸਨ। ਲੇਕਿਨ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ। ਉਸ ਨੇ ਕਿਹਾ ਕਿ ਮੰਗਲਵਾਰ ਸਾਢੇ 11 ਵਜੇ ਜਦ ਉਹ ਅਪਣੀ ਕਾਰ ਤੇ ਪਿੰਡ ਬੁੱਟਰਕਲਾਂ ਵਿਖੇ ਪਟਰੌਲ ਪੰਪ ਉਤੇ ਜਾ ਰਿਹਾ ਸੀ ਤਾਂ ਪਿੰਡ ਕੋਠੇ ਚੜ੍ਹਿਕ ਵਿਖੇ ਦੋ ਵੱਖ-ਵੱਖ ਗੱਡੀਆਂ ਸਵਾਰ ਹੋ ਕੇ ਆਏ ਬਲਦੇਵ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਤੋਂ ਬਾਅਦ ਉਸ ਉਤੇ ਗੋਲੀ ਚਲਾ ਦਿਤੀ ਜੋਕਿ ਉਸ ਦੇ ਹੱਥ ਉਤੇ ਜਾ ਲੱਗੀ ਤੇ ਉਸ ਨੇ ਅਪਣੀ ਸੁਰੱਖਿਆ ਲਈ ਅਪਣੇ ਰਿਵਾਲਵਰ ਨਾਲ ਗੋਲੀ ਚਲਾਈ।


   ਇਸ ਤੋਂ ਬਾਅਦ ਅਰੋਪੀਆਂ ਨੇ ਉਸ ਨੂੰ ਅਗ਼ਵਾ ਕਰ ਲਿਆ। ਇਸ ਦੌਰਾਨ ਇਕ ਅਰੋਪੀ  ਨੇ ਉਸ ਨੂੰ ਫਸਾਉਣ ਲਈ ਉਸ ਦਾ ਰਿਵਾਲਵਰ ਖੋਹਕੇ ਅਪਣੇ ਸਾਥੀ ਬਲਦੇਵ ਸਿੰਘ ਦੇ ਬਾਂਹ ਉਤੇ ਗੋਲੀ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਜਿਸ ਤੋਂ ਬਾਅਦ ਉਹ ਦੋ ਘੰਟੇ ਤਕ ਘੁੰਮਾਉਦੇ ਰਹੇ ਅਤੇ  ਪਿੰਡ ਚੁੱਘਾ ਖ਼ੁਰਦ ਕੋਲ ਛੱਡ ਗਏ। ਇਸ ਤੋ ਬਾਅਦ ਅਰੋਪੀ ਬਲਦੇਵ ਸਿੰਘ ਵੀ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੋ ਗਿਆ। ਜਿਥੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।


ਇਸ ਮੌਕੇ ਡੀ ਐਸ ਪੀ ਸਿਟੀ ਬਰਜਿੰਦਰ ਸਿੰਘ ਸਰਕਾਰੀ ਹਸਪਤਾਲ ਵਿਚ ਪੁੱਜੇ ਅਤੇ ਜ਼ਖ਼ਮੀ ਹਰਮਨਪ੍ਰੀਤ ਸਿੰਘ ਤੋਂ ਘਟਨਾ ਬਾਰੇ ਜਾਣਕਾਰੀ ਲਈ ਅਤੇ ਮਾਮਲੇ ਦੀ ਜਾਂਚ ਵਿਚ ਪੁਲਿਸ ਜੁੱਟ ਗਈ।