ਫ਼ਤਿਹਗੜ੍ਹ ਸਾਹਿਬ 'ਚ ਇਕੋ ਦਿਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੋ ਘਟਨਾਵਾਂ

ਏਜੰਸੀ

ਖ਼ਬਰਾਂ, ਪੰਜਾਬ

ਫ਼ਤਿਹਗੜ੍ਹ ਸਾਹਿਬ 'ਚ ਇਕੋ ਦਿਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੋ ਘਟਨਾਵਾਂ

image

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ

ਫ਼ਤਿਹਗੜ੍ਹ ਸਾਹਿਬ, 12 ਅਕਤੂਬਰ (ਸੁਰਜੀਤ ਸਿੰਘ ਸਾਹੀ, ਇੰਦਰਪ੍ਰੀਤ ਬਖਸ਼ੀ, ਅਮਰਬੀਰ ਸਿੰਘ ਚੀਮਾ): ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਅੱਜ ਦੋ ਵੱਖ-ਵੱਖ ਪਿੰਡਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ ਹਨ। ਪਹਿਲਾ ਮਾਮਲਾ ਜ਼ਿਲ੍ਹੇ ਦੇ ਪਿੰਡ ਤਰਖਾਣ ਮਾਜਰਾ ਵਿਚ ਸਾਹਮਣੇ ਆਇਆ ਜਿਥੇ ਗੁਰੂ ਘਰ ਦਾ ਜਿੰਦਰਾ ਖੁਲ੍ਹਵਾ ਕੇ ਇਕ ਸਿਰਫਿਰੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਪਾੜੇ ਤੇ ਉੱਥੇ ਇਸ ਨੂੰ ਗੁਰੂ ਘਰ ਦੇ ਗ੍ਰੰਥੀ ਅਤੇ ਉਸ ਦੇ ਲੜਕੇ ਵਲੋਂ ਕਾਬੂ ਕਰ ਲਿਆ ਗਿਆ। ਉਸ ਦੀ ਇਸ ਹਰਕਤ ਦਾ ਜਦੋਂ ਰੌਲਾ ਪਿਆ ਤਾਂ ਪਿੰਡ ਦੇ ਹੋਰ ਲੋਕ ਇਕੱਠੇ ਹੋ ਗਏ ਅਤੇ ਇਸ ਨੌਜਵਾਨ ਦੀ ਖ਼ੂਬ ਛਿੱਤਰ ਪਰੇਡ ਵੀ ਪਿੰਡ ਵਾਸੀਆਂ ਵਲੋਂ ਕੀਤੀ ਗਈ ਅਤੇ ਫਿਰ ਪੁਲਿਸ ਹਵਾਲੇ ਕਰ ਦਿਤਾ ਗਿਆ ।
ਹੌਲੀ-ਹੌਲੀ ਪਿੰਡ ਵਾਸੀਆਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦਾ ਵੱਡਾ ਇਕੱਠ ਥਾਣਾ ਸਰਹਿੰਦ ਅੱਗੇ ਜੁੜਨਾ ਸ਼ੁਰੂ ਹੋ ਗਿਆ ਤੇ ਭੜਕੇ ਲੋਕਾਂ ਵਲੋਂ ਮੰਗ ਕੀਤੀ ਗਈ ਕਿ ਇਸ ਨੌਜਵਾਨ ਨੂੰ ਲੋਕਾਂ ਦੇ ਹਵਾਲੇ ਕੀਤਾ ਜਾਵੇ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਉਸ ਨੂੰ ਲੋਕ ਸਜ਼ਾ ਦੇਣਗੇ । ਇਥੇ ਹੀ ਬੱਸ ਨਹੀਂ ਗੁੱਸੇ ਵਿਚ ਆਏ ਵੱਡੀ ਗਿਣਤੀ ਵਿਚ ਲੋਕਾਂ ਨੇ ਜੀ.ਟੀ.ਰੋਡ ਤਕ ਜਾਮ ਕਰ ਦਿਤਾ ਤੇ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਲੱਗੀਆਂ। ਇਥੇ ਹੀ ਬੱਸ ਨਹੀਂ ਲੋਕ ਜੀ.ਟੀ ਰੋਡ 'ਤੇ ਧਰਨਾ ਦੇ ਰਹੇ ਸਨ ਕਿ ਪਤਾ ਲੱਗਾ ਕਿ ਪਿੰਡ ਤਰਖਾਣ ਮਾਜਰਾ ਤੋਂ ਲਗਭਗ ਇਕ ਕਿਲੋਮੀਟਰ ਦੂਰ ਰਸਤੇ ਤੋਂ ਪਿੰਡ ਜੱਲਾ ਵਿਖੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਜਦੋਂ ਪੱਤਰਕਾਰਾਂ ਵਲੋਂ ਪਿੰਡ ਜੱਲਾ ਜਾ ਕੇ ਦੇਖਿਆ ਗਿਆ ਤਾਂ ਉਥੇ ਵੀ ਸੇਮ ਇਸੇ ਤਰ੍ਹਾਂ ਦੀ ਹੀ ਘਟਨਾ ਵਾਪਰੀ ਦਿਖਾਈ ਦਿਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਜੱਲਾ ਨੇ ਦਸਿਆ ਕਿ ਪਿੰਡ ਦੀ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰਤ ਅਪਣੇ ਪਿੰਡ ਦੇ ਗੁਰੂ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਪਿੰਡ ਵਿਚ ਵੀ ਇਹ ਘਟਨਾ ਵਾਪਰੀ ਦੇਖੀ ਜਿਸ ਤੋਂ ਬਾਅਦ ਉਨ੍ਹਾਂ ਨੇ ਹੋਰ ਲੋਕਾਂ ਤੇ ਪੰਚਾਇਤ ਨੂੰ ਵੀ ਸੁਚੇਤ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿਤੀ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਜੋ ਕਿ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।
ਫ਼ਤਿਹਗੜ੍ਹ ਸਾਹਿਬ ਵਿਚ ਵਾਪਰੀਆਂ ਇਨ੍ਹਾਂ ਦੋ ਘਟਨਾਵਾਂ ਨੇ ਸਮੁੱਚੇ ਸਿੱਖ ਪੰਥ ਦੇ ਹਿਰਦੇ ਵਲੂੰਧਰ ਕੇ ਰੱਖ ਦਿਤੇ ਹਨ। ਵੱਖ-ਵੱਖ ਰਾਜਸੀ, ਧਾਰਮਕ, ਸਮਾਜਕ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਇਸ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ ਅਤੇ ਇਹ ਕੰਮ ਕਿਸ ਦੇ ਇਸ਼ਾਰੇ 'ਤੇ ਕੀਤਾ ਗਿਆ ਹੈ ਉਸ ਦਾ ਸੱਚ ਜਨਤਾ ਦੇ ਸਾਹਮਣੇ ਲਿਆਇਆ ਜਾਣਾ ਚਾਹੀਦਾ ਹੈ । ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸ਼੍ਰੋਮਣੀ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਭਾਈ ਅਵਤਾਰ ਸਿੰਘ ਰਿਆ, ਭਾਈ ਰਵਿੰਦਰ ਸਿੰਘ ਖ਼ਾਲਸਾ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬੀਬੀ ਮਨਦੀਪ ਕੌਰ ਨਾਗਰਾ, ਪਰਮਿੰਦਰ ਸਿੰਘ ਟਿਵਾਣਾ ਮੀਡੀਆ ਸਲਾਹਕਾਰ ਆਦਿ ਨੇ ਇਨ੍ਹਾਂ ਬੇਅਦਬੀਆਂ ਦੀਆਂ ਘਟਨਾਵਾਂ 'ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਸਿਰਫਿਰੇ ਨੌਜਵਾਨ ਤੋਂ ਜੋ ਅਸਲ ਸੱਚਾਈ ਹੈ ਉਹ ਸਾਹਮਣੇ ਲਿਆਂਦੀ ਜਾਵੇ ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ, ਐਸ.ਪੀ.ਐਚ ਹਰਪਾਲ ਸਿੰਘ, ਐਸ.ਪੀ.ਡੀ. ਜਗਜੀਤ ਸਿੰਘ, ਡੀ.ਐਸ.ਪੀ ਮਨਜੀਤ ਸਿੰਘ ਆਦਿ ਅਤੇ ਵੱਡੀ ਗਿਣਤੀ ਵਿਚ ਪੁਲਿਸ ਪਾਰਟੀ ਨੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ ।