ਗੁਜਰਾਤ ਦੀ ਤਰ੍ਹਾਂ ਭਾਜਪਾ ਸਰਕਾਰ ਵਲੋਂ ਹੁਣ ਮੇਘਾਲਿਆ 'ਚੋਂ ਸਿੱਖਾਂ ਨੂੰ  ਉਜਾੜਨ ਦੀ ਤਿਆਰੀ

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ ਦੀ ਤਰ੍ਹਾਂ ਭਾਜਪਾ ਸਰਕਾਰ ਵਲੋਂ ਹੁਣ ਮੇਘਾਲਿਆ 'ਚੋਂ ਸਿੱਖਾਂ ਨੂੰ  ਉਜਾੜਨ ਦੀ ਤਿਆਰੀ

image

ਅਕਾਲੀਆਂ, ਸ਼ੋ੍ਰਮਣੀ ਕਮੇਟੀ ਅਤੇ 'ਜਥੇਦਾਰਾਂ' ਨੇ ਗੁਜਰਾਤੀ ਸਿੱਖਾਂ ਦੀ ਨਾ ਲਈ ਸਾਰ

ਕੋਟਕਪੂਰਾ, 12 ਅਕਤੂਬਰ (ਗੁਰਿੰਦਰ ਸਿੰਘ) : ਗੁਜਰਾਤ ਦੀ ਤਰ੍ਹਾਂ ਮੇਘਾਲਿਆ ਵਿਚ ਲੰਮੇ ਸਮੇਂ ਤੋਂ ਬੈਠੇ ਸਿੱਖਾਂ ਨਾਲ ਆ ਰਹੀਆਂ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਨੇ ਦੁਨੀਆਂ ਦੇ ਕੋਨੇ ਕੋਨੇ 'ਚ ਬੈਠੇ ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖਾਂ ਨੂੰ  ਬੇਚੈਨ ਕਰ ਕੇ ਰੱਖ ਦਿਤਾ ਹੈ |
'ਰੋਜ਼ਾਨਾ ਸਪੋਕਸਮੈਨ' ਦੀ ਮੁੱਖ ਸੁਰਖੀ ਮੁਤਾਬਕ 200 ਸਾਲ ਤੋਂ ਮੇਘਾਲਿਆ ਦੇ ਸ਼ਿਲਾਂਗ ਇਲਾਕੇ 'ਚ ਰਹਿ ਰਹੇ ਗ਼ਰੀਬ ਸਿੱਖਾਂ ਅਤੇ ਪੰਜਾਬੀਆਂ 'ਤੇ ਉਜਾੜੇ ਦੀ ਤਲਵਾਰ ਬਰਕਰਾਰ ਹੈ | ਸੁਰਖ਼ੀਆਂ ਮੁਤਾਬਕ ਭੂ-ਮਾਫ਼ੀਏ ਨੇ 1992 'ਚ ਸਿੱਖਾਂ 'ਤੇ ਹਮਲਾ ਕੀਤਾ ਜਾਂ ਕਰਵਾਇਆ, ਉੁਸ ਤੋਂ ਬਾਅਦ ਹਮਲਿਆਂ ਦਾ ਦੌਰ ਸ਼ੁਰੂ ਹੋਇਆ ਪਰ ਸ਼ੋ੍ਰਮਣੀ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਅਕਾਲੀ ਦਲਾਂ ਤੋਂ ਆਸ ਦੀ ਕਿਰਨ ਦਿਖਾਈ ਨਾ ਦੇਣ ਕਰ ਕੇ ਅੱਜ ਤਕ ਅਰਥਾਤ ਤਿੰਨ ਦਹਾਕਿਆਂ ਬਾਅਦ ਵੀ ਉਥੋਂ ਦੇ ਸਿੱਖ ਖ਼ੁਦ ਨੂੰ  ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਗੁੰਡਾ ਅਨਸਰ ਗ਼ਰੀਬ ਸਿੱਖਾਂ ਨੂੰ  ਉਜਾੜਨ ਲਈ ਜੋ ਮਰਜ਼ੀ ਧੱਕੇਸ਼ਾਹੀ ਕਰਨ, ਉਨ੍ਹਾਂ ਨੂੰ  ਪੁਲਿਸ ਪ੍ਰਸ਼ਾਸਨ ਜਾਂ ਕਾਨੂੰਨ ਦਾ ਕੋਈ ਡਰ ਦਿਖਾਈ ਨਹੀਂ ਦਿੰਦਾ | 'ਰੋਜ਼ਾਨਾ ਸਪੋਕਸਮੈਨ' ਦੇ ਇਨ੍ਹਾਂ ਕਾਲਮਾਂ 'ਚ ਲਿਖਿਆ ਜਾ ਚੁੱਕਾ ਹੈ ਕਿ ਗੁਜਰਾਤ ਦੀ ਭਾਜਪਾ ਸਰਕਾਰ ਨੇ ਪਿਛਲੇ ਕਰੀਬ 6-7 ਦਹਾਕਿਆਂ ਤੋਂ ਉਥੇ ਰਹਿ ਰਹੇ ਸਿੱਖਾਂ ਨੂੰ  
ਉਜਾੜਨ ਅਤੇ ਤੰਗ-ਪ੍ਰੇਸ਼ਾਨ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ | 
ਗੁਜਰਾਤ ਦੇ ਸਿੱਖ ਅਕਾਲੀ ਦਲ ਬਾਦਲ, ਸ਼ੋ੍ਰਮਣੀ ਕਮੇਟੀ, ਤਖ਼ਤਾਂ ਦੇ ਜਥੇਦਾਰਾਂ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿਕ ਕੋਲ ਅਪੀਲਾਂ, ਅਰਜੋਈਆਂ ਅਤੇ ਬੇਨਤੀਆਂ ਕਰ ਕਰ ਥੱਕ ਗਏ ਪਰ ਭਾਜਪਾ ਨਾਲ ਗਠਜੋੜ ਹੋਣ ਕਰ ਕੇ ਸਾਰੇ ਸਿੱਖਾਂ ਦੀ ਬਾਂਹ ਫੜਨ ਤੋਂ ਅਸਮਰੱਥ ਜਾਪੇ | ਭਾਵੇਂ ਹੁਣ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਖ਼ਤਮ ਹੋ ਚੁੱਕੀ ਹੈ ਪਰ ਫਿਰ ਵੀ ਸ਼ਿਲਾਂਗ ਦੇ ਸਿੱਖਾਂ ਨੂੰ  ਸ਼ੋ੍ਰਮਣੀ ਕਮੇਟੀ, ਦਿੱਲੀ ਕਮੇਟੀ, ਜਥੇਦਾਰਾਂ ਅਤੇ ਬਾਦਲ ਦਲ ਦੇ ਅਕਾਲੀਆਂ ਤੋਂ ਕੋਈ ਮਦਦ ਦੀ ਉਮੀਦ ਨਹੀਂ, ਕਿਉਂਕਿ ਅਕਸਰ ਅਖ਼ਬਾਰੀ ਬਿਆਨਬਾਜ਼ੀ ਤਕ ਸੀਮਿਤ ਰੱਖ ਕੇ ਲੀਡਰ ਲੋਕ ਮੁਸੀਬਤ ਵਿਚ ਘਿਰੇ ਸਿੱਖਾਂ ਨੂੰ  ਰੱਬ ਆਸਰੇ ਛੱਡ ਕੇ ਹੌਲੀ ਹੌਲੀ ਉਕਤ ਮੁੱਦਾ ਭੁਲਾ ਜਾਂ ਤਿਆਗ ਦਿੰਦੇ ਹਨ | ਦੁਨੀਆਂ ਭਰ ਦੇ ਸਿੱਖਾਂ ਨੇ 'ਸਪੋਕਸਮੈਨ' ਦੀ ਟੀਮ ਵਲੋਂ ਸ਼ਿਲਾਂਗ ਵਿਖੇ ਮੌਕੇ 'ਤੇ ਪੁੱਜ ਕੇ ਤਿਆਰ ਕੀਤੀ ਰਿਪੋਰਟ ਦੀ ਪ੍ਰਸ਼ੰਸਾ ਕੀਤੀ ਹੈ |