ਨਵਜੋਤ ਸਿੱਧੂ ਹੀ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਹੀ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

image

ਚੰਡੀਗੜ੍ਹ, 12 ਅਕਤੂਬਰ (ਗੁਰਉਪਦੇਸ਼ ਭੁੱਲਰ): ਹਾਈਕਮਾਨ ਵਲੋਂ ਨਵਜੋਤ ਸਿੱਧੂ ਦਾ ਪ੍ਰਧਾਨਗੀ ਪਦ ਤੋਂ ਦਿਤਾ ਗਿਆ ਅਸਤੀਫ਼ਾ ਹਾਈਕਮਾਨ ਵਲੋਂ ਸਵੀਕਾਰ ਕੀਤੇ ਜਾਣ ਦੇ ਮਾਮਲੇ ਵਿਚ ਮੀਡੀਆ ਦੇ ਇਕ ਹਿੱਸੇ ਵਿਚ ਅਟਕਲਾਂ ਦੇ ਆਧਾਰਤ ਲਾਈਆਂ ਜਾ ਰਹੀਆਂ ਖ਼ਬਰਾਂ ਬਾਰੇ ਪੰਜਾਬ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਸਥਤੀ ਪੂਰੀ ਤਰ੍ਹਾਂ ਸਾਫ਼ ਕਰ ਦਿਤੀ ਹੈ | 
ਭਾਵੇਂ ਇਹ ਗੱਲ ਸਿੱਧੂ ਵਲੋਂ ਲਖੀਮਪੁਰ ਵਲ ਕੀਤੇ ਗਏ ਮਾਰਚ ਦੀ ਅਗਵਾਈ ਕਰਨ ਅਤੇ ਉਸ ਤੋਂ ਬਾਅਦ ਰਜ਼ੀਆ ਸੁਲਤਾਨਾ ਵਲੋਂ ਬੀਤੇ ਦਿਨੀਂ ਅਸਤੀਫ਼ਾ ਵਾਪਸ ਲੈ ਕੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਆਉਣ ਨਾਲ ਹੀ ਸੱਭ ਕੁੱਝ ਸਾਫ਼ ਹੋ ਚੁੱਕਾ ਸੀ | ਅੱਜ ਹਰੀਸ਼ ਰਾਵਤ ਨੇ ਜੋ ਟਵੀਟ ਕੀਤਾ ਹੈ ਉਸ ਨੇ ਸਥਿਤੀ ਪੂਰੀ ਤਰ੍ਹਾਂ ਸਾਫ਼ ਕਰ ਦਿਤੀ ਹੈ | ਇਸ ਤੋਂ ਸਪਸ਼ਟ ਹੈ ਕਿ ਸਿੱਧੂ ਦਾ ਅਸਤੀਫ਼ਾ ਹਾਈਕਮਾਨ ਨੇ ਸਵੀਕਾਰ ਨਹੀਂ ਕੀਤਾ ਅਤੇ ਉਹ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ | 
ਰਾਵਤ ਨੇ ਟਵੀਟ ਵਿਚ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨਾਲ ਉਹ ਅਤੇ ਹਾਈਕਮਾਨ ਦੇ ਨੇਤਾ ਕੇ.ਸੀ. ਵੇਣੂਗੋਪਾਲ ਦਿੱਲੀ ਵਿਚ 14 ਅਕਤੂਬਰ ਨੂੰ  ਇਹ ਮੀਟਿੰਗ ਕਰਨਗੇ | 
ਉਨ੍ਹਾਂ ਕਿਹਾ ਕਿ ਇਹ ਮੀਟਿੰਗ ਪਾਰਟੀ ਦੇ ਜਥੇਬੰਦਕ ਮਾਮਲਿਆਂ ਨੂੰ  ਲੈ ਕੇ ਕੀਤੀ ਜਾ ਰਹੀ ਹੈ | ਇਸ ਵਿਚ ਪਾਰਟੀ ਸੰਗਠਨ ਦੇ ਪੁਨਰ ਗਠਨ ਬਾਰੇ ਫ਼ੈਸਲਾ ਹੋ ਸਕਦਾ ਹੈ | ਇਹ ਕੰਮ ਜਾਖੜ ਦੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਪਰ ਹੁਣ ਚੋਣਾਂ ਤੋਂ ਪਹਿਲਾਂ ਸੰਗਠਨ ਦੀ ਮਜ਼ਬੂਤੀ ਜ਼ਰੂਰੀ ਹੈ |