ਸੌਦਾ ਸਾਧ ਨੇ ਜੱਜ ਸਾਹਿਬ ਅੱਗੇ ਜੋੜੇ ਹੱਥ ਅਤੇ ਗਿਣਾਏ ਅਪਣੇ ਚੰਗੇ ਕੰਮ

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਨੇ ਜੱਜ ਸਾਹਿਬ ਅੱਗੇ ਜੋੜੇ ਹੱਥ ਅਤੇ ਗਿਣਾਏ ਅਪਣੇ ਚੰਗੇ ਕੰਮ

image


ਚੰਡੀਗੜ੍ਹ੍ਹ, 12 ਅਕਤੂਬਰ (ਅੰਕੁਰ ਤਾਂਗੜੀ): ਰਣਜੀਤ ਸਿੰਘ ਕਤਲ ਮਾਮਲੇ ਵਿਚ ਡੇਰਾ ਮੁਖੀ ਸੌਦਾ ਸਾਧ ਸਮੇਤ ਚਾਰ ਦੋਸ਼ੀਆਂ ਨੂੰ  18 ਅਕਤੂਬਰ ਨੂੰ  ਸਜ਼ਾ ਸੁਣਾਈ ਜਾਵੇਗੀ | ਸੀਬੀਆਈ ਨੇ ਫ਼ੈਸਲਾ 18 ਅਕਤੂਬਰ ਤਕ ਸੁਰੱਖਿਅਤ ਰੱਖ ਲਿਆ ਹੈ |  ਦਸਣਯੋਗ ਹੈ ਕਿ ਰਣਜੀਤ ਸਿੰਘ ਕਤਲ ਕੇਸ ਵਿਚ ਗੁਰਮੀਤ ਰਾਮ ਰਹੀਮ (ਸੌਦਾ ਸਾਧ) ਉਤੇ ਕਤਲ ਦੀ ਸਾਜ਼ਸ਼ ਰਚਣ ਦਾ ਦੋਸ਼ ਸੀ | 
ਅੱਜ ਸੁਣਵਾਈ ਦੌਰਾਨ ਸੀਬੀਆਈ ਨੇ ਅਦਾਲਤ 'ਚ ਸੌਦਾ ਸਾਧ ਨੂੰ  ਫਾਂਸੀ ਦੇਣ ਦੀ ਮੰਗ ਕੀਤੀ |  ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਅੱਠ ਪੰਨਿਆਂ ਦੀ ਰਹਿਮ ਦੀ ਅਪੀਲ ਦਾਇਰ ਕੀਤੀ ਅਤੇ ਉਸ ਵਿਚ ਲਿਖਿਆ ਕਿ ਸੌਦਾ ਸਾਧ ਨੇ 100 ਤੋਂ ਜ਼ਿਆਦਾ ਚੰਗੇ ਕੰਮ ਵੀ ਕੀਤੇ ਹਨ, ਇਸ ਕਾਰਨ ਸੌਦਾ ਸਾਧ ਦੀ ਸਜ਼ਾ ਘੱਟ ਕੀਤੀ ਜਾਵੇ | ਦਸਣਯੋਗ ਹੈ ਕਿ ਪਹਿਲਾਂ ਤਕਨੀਕੀ ਖ਼ਰਾਬੀ ਕਾਰਨ ਸੌਦਾ ਸਾਧ ਵੀਡੀਉ ਕਾਨਫ੍ਰੈਂਸਿੰਗ ਰਾਹੀਂ ਅਦਾਲਤ ਵਿਚ ਕੁੱਝ ਲੇਟ ਪੇਸ਼ ਹੋਏ ਜਿਸ ਤੋਂ ਬਾਅਦ ਲਗਾਤਾਰ ਉਹ ਸੁਣਵਾਈ ਦਾ ਹਿੱਸਾ ਬਣੇ ਰਹੇ |  ਜਾਣਕਾਰੀ ਮੁਤਾਬਕ ਸੌਦਾ ਸਾਧ ਕੁਰਸੀ 'ਤੇ ਬੈਠੇ ਸਨ ਉਨ੍ਹਾਂ ਨੇ ਹੱਥ ਜੋੜੇ ਹੋਏ ਸਨ | ਮਾਮਲੇ ਦੇ ਮੁੱਖ ਦੋਸ਼ੀ ਸੌਦਾ ਸਾਧ ਦੀ ਪੇਸ਼ੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਈ ਜਦਕਿ ਚਾਰ ਦੋਸ਼ੀਆਂ ਨੂੰ  ਅਦਾਲਤ ਵਿਚ ਪੇਸ਼ ਕੀਤਾ ਗਿਆ |  

ਉੱਥੇ ਹੀ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਅਤੇ ਪੰਚਕੂਲਾ ਵਿਚ ਧਾਰਾ 144 ਲਗਾ ਦਿਤੀ ਗਈੇ | 
ਪੰਚਕੂਲਾ ਦੇ ਡੀਸੀ ਮੋਹਿਤ ਹਾਂਡਾ ਦੇ ਹੁਕਮਾਂ ਅਨੁਸਾਰ ਪੰਚਕੂਲਾ ਵਿਚ ਪੰਜ ਜਾਂ ਪੰਜ ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ |  ਮੁੱਦੇ ਦੀ ਸੰਵੇਦਨਸ਼ੀਲਤਾ ਨੂੰ  ਵੇਖਦੇ ਹੋਏ ਉਥੇ ਧਾਰਾ 144 ਲਗਾਈ ਗਈ ਹੈ ਤਾਕਿ ਕੋਈ ਸ਼ਾਂਤੀ ਭੰਗ ਨਾ ਹੋਵੇ | ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਫ਼ੋਰਸ ਵੀ ਲਗਾਈ ਹੋਈ ਸੀ | ਦੱਸਣਯੋਗ ਬਣਦਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ  28 ਅਗਸਤ 2017 ਨੂੰ  ਸੀਬੀਆਈ ਅਦਾਲਤ ਨੇ ਦੋ ਸਾਧਵੀਆਂ ਦੇ ਨਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚ ਸਜ਼ਾ ਸੁਣਾਈ ਸੀ ਉਸ ਦੌਰਾਨ ਕਾਫੀ ਸੰਖਿਆ ਵਿਚ ਰਾਮ ਰਹੀਮ ਦੇ ਸ਼ਰਧਾਲੂ ਇਕੱਠੇ ਹੋ ਗਏ ਸਨ ਜਿਸ ਤੋਂ ਬਾਅਦ ਵੱਡੇ ਪੱਧਰ 'ਤੇ ਤੋੜ ਫੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਹੋਈਆਂ ਸਨ |
ਜ਼ਿਕਰਯੋਗ ਹੈ ਕਿ ਸੌਦਾ ਸਾਧ ਇਸ ਵੇਲੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ ਵਿਚ ਬੰਦ ਹੈ | 25 ਅਗੱਸਤ 2017 ਨੂੰ  ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਨੂੰ  ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ  ਵੀਹ ਸਾਲ ਦੀ ਸਜ਼ਾ ਸੁਣਾਈ ਸੀ | 17 ਜਨਵਰੀ 2019 ਨੂੰ  ਉਸੇ ਸੀਬੀਆਈ ਅਦਾਲਤ ਨੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿਚ ਉਸ ਨੂੰ  ਉਮਰ ਕੈਦ ਦੀ ਸਜ਼ਾ ਸੁਣਾਈ ਸੀ |