ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਮਦਦ ਨਾਲ ਜਰਮਨੀ ਵਿਚ ਕੰਮ ਕਰਦੇ ਭਾਰਤੀਆਂ ਨੂੰ  ਮਿਲਿਆ ਵੀਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਮਦਦ ਨਾਲ ਜਰਮਨੀ ਵਿਚ ਕੰਮ ਕਰਦੇ ਭਾਰਤੀਆਂ ਨੂੰ  ਮਿਲਿਆ ਵੀਜ਼ਾ

image

3 ਮਹੀਨੇ ਤੋਂ ਘਰ ਵਿਚ ਬੈਠ ਕੇ ਕਰ ਰਹੇ ਸੀ ਵੀਜ਼ੇ ਦੀ ਉਡੀਕ

ਚੰਡੀਗੜ੍ਹ, 12 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਕਰੀਬ 3 ਮਹੀਨਿਆਂ ਤੋਂ ਭਾਰਤ ਤੋਂ ਜਰਮਨੀ ਜਾਣ ਦਾ ਇੰਤਜ਼ਾਰ ਕਰ ਰਹੇ ਭਾਰਤੀ ਕਾਮਿਆਂ ਦੀ ਸਮੱਸਿਆ ਦਾ ਹਲ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਦੇ ਵੀਜ਼ੇ ਦਾ ਤੁਰਤ ਪ੍ਰਬੰਧ ਕਰਵਾਇਆ | 
ਕਿਸ਼ੋਰੀ ਲਾਲ ਉਪ ਪ੍ਰਧਾਨ ਗ੍ਰਾਮ ਪੰਚਾਇਤ ਘੁਮਾਰਕੀ ਨੇ ਦਸਿਆ ਕਿ ਉਸ ਕੋਲ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਪੰਜਭਾਈ ਵਿਚ ਰਹਿਣ ਵਾਲੇ ਅੰਸ਼ੁਲ ਗੌਤਮ ਨੇ ਚਿੱਠੀ ਭੇਜੀ ਸੀ, ਜਿਸ ਵਿਚ ਉਸ ਨੇ ਅਪਣੀ ਅਤੇ ਅਪਣੇ ਹੋਰ ਸਾਥੀਆਂ ਦੀ ਵੀਜ਼ਾ ਨਾ ਲੱਗਣ ਦੀ ਸਮੱਸਿਆ ਬਾਰੇ ਜਾਣਕਾਰੀ ਦਿਤੀ ਸੀ ਤੇ ਇਸ ਦੇ ਹਲ ਲਈ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ  ਮਦਦ ਦੀ ਅਪੀਲ ਕੀਤੀ ਸੀ | ਜਿਸ ਦੇ ਜਵਾਬ ਵਿਚ ਅਨੁਰਾਗ ਠਾਕੁਰ ਨੇ ਤੁਰਤ ਮਦਦ ਕਰਨ ਦਾ ਭਰੋਸਾ ਦਿਤਾ ਸੀ | 
ਉਕਤ ਮਸਲੇ 'ਤੇ ਤੁਰਤ ਕਾਰਵਾਈ ਕਰਦਿਆਂ ਕੇਂਦਰੀ ਮੰਤਰੀ ਨੇ ਮਹਿਜ਼ ਦੋ ਦਿਨ ਵਿਚ ਸਮੱਸਿਆ ਦਾ ਹਲ ਕਰਦੇ ਹੋਏ ਉਕਤ ਕਰਮਚਾਰੀਆਂ ਦਾ ਜਰਮਨੀ ਦਾ ਵੀਜ਼ਾ ਕਲੀਅਰ ਕਰਵਾ ਕੇ ਉਨ੍ਹਾਂ ਦੇ ਘਰ ਭੇਜ ਦਿਤਾ |
ਕੇਂਦਰੀ ਮੰਤਰੀ ਦਾ ਧਨਵਾਦ ਕਰਦਿਆਂ ਅੰਸ਼ੁਲ ਗੌਤਮ ਤੇ ਉਸ ਦੇ ਸਾਥੀਆਂ ਨੇ ਦਸਿਆ ਕਿ ਉਨ੍ਹਾਂ ਨਾਲ ਜਰਮਨੀ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਕਰਮਚਾਰੀਆਂ ਦਾ ਵੀਜ਼ਾ ਕਲੀਅਰ ਹੋ ਗਿਆ ਸੀ ਤੇ ਉਨ੍ਹਾਂ ਨੂੰ  15 ਅਕਤੂਰ ਨੂੰ  3 ਦਿਨਾਂ ਦੇ ਇਕਾਂਤਵਾਸ ਲਈ ਦਿੱਲੀ ਵੀ ਬੁਲਾ ਲਿਆ ਗਿਆ ਹੈ, ਪਰ ਮੇਰੇ ਸਮੇਤ ਕਈ ਹੋਰ ਕਰਮਚਾਰੀਆਂ ਦਾ ਵੀਜ਼ਾ ਕਲੀਅਰ ਨਹੀਂ ਸੀ ਹੋਇਆ, ਜਿਸ ਕਾਰਨ ਅਸੀਂ ਸਾਰੇ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਹੇ ਸੀ | ਜਦੋਂ ਇਸ ਬਾਬਤ ਕੇਂਦਰੀ ਮੰਤਰੀ ਕੋਲ ਦਰਖ਼ਾਸਤ ਭੇਜੀ ਗਈ ਤਾਂ ਉਨ੍ਹਾਂ ਨੇ ਤੁਰਤ ਇਸ 'ਤੇ ਕਾਰਵਾਈ ਦੇ ਹੁਕਮ ਦਿੰਦੇ ਹੋਏ ਦੋ ਦਿਨਾਂ ਵਿਚ ਹੀ ਸਾਡਾ ਵੀਜ਼ਾ ਕਲੀਅਰ ਕਰਵਾ ਦਿਤਾ, ਜਿਸ ਦੇ ਲਈ ਅਸੀਂ ਸਾਰੇ ਉਨ੍ਹਾਂ ਦੇ ਤਹਿਦਿਲੋਂ ਧਨਵਾਦੀ ਹਾਂ | ਅੰਸ਼ੁਲ ਨੇ ਦਸਿਆ ਕਿ ਹੁਣ ਸਾਨੂੰ ਸਾਡੇ ਦੂਜੇ ਸਾਥੀਆਂ ਨਾਲ ਹੀ 15 ਅਕਤੂਬਰ ਨੂੰ  ਦਿੱਲੀ ਵਿਚ 3 ਦਿਨਾਂ ਦੇ ਇਕਾਂਤਵਾਸ ਦੇ ਨਿਯਮ ਦਾ ਪਾਲਣ ਕਰਨ ਲਈ ਬੁਲਾਇਆ ਗਿਆ ਹੈ ਤੇ 18 ਅਕਤੂਰ ਨੂੰ  ਅਸੀਂ ਜਰਮਨੀ ਲਈ ਉਡਾਣ ਭਰਾਂਗੇ |