3 ਮਹੀਨਿਆਂ ਤੋਂ ਜਲ-ਥਲ ਹੋਏ ਪੰਜਾਬ-ਹਰਿਆਣਾ ਸਰਹੱਦ 'ਤੇ ਪੈਂਦੇ 2 ਪਿੰਡ, ਕੋਈ ਨਹੀਂ ਸੁਣ ਰਿਹਾ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਭਾਵਿਤ ਖੇਤਰ ਵਿੱਚੋਂ 350 ਏਕੜ ਰਕਬਾ ਕੁਸਲਾ ਵਿੱਚ ਹੈ, ਜਦਕਿ ਬਾਕੀ 150 ਏਕੜ ਸੁਰਤੀਆ ਵਿੱਚ ਪੈਂਦਾ ਹੈ

photo

 

ਬਠਿੰਡਾ - ਸੂਬਾਈ ਸਰਹੱਦਾਂ 'ਤੇ ਪੈਂਦੇ ਪਿੰਡਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਲੰਮੇ ਸਮੇਂ ਤੋਂ ਲਟਕਦੇ ਹੋਣਾ, ਦੋਵੇ ਸੂਬਿਆਂ ਦੀਆਂ ਸਰਕਾਰਾਂ ਦੀ ਕਾਰਗ਼ੁਜ਼ਾਰੀ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰਦਾ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਪੈਂਦੇ ਪਿੰਡ ਕੁਸਲਾ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਪੈਂਦੇ ਪਿੰਡ ਸੁਰਤੀਆ ਦੇ ਤਕਰੀਬਨ 125 ਕਿਸਾਨ ਪਰਿਵਾਰਾਂ ਨੂੰ ਆਪਣੀ 500 ਏਕੜ ਦੇ ਕਰੀਬ ਜ਼ਮੀਨ ਦੇ ਪਿਛਲੇ ਤਿੰਨ ਮਹੀਨਿਆਂ ਤੋਂ ਪਾਣੀ ਵਿੱਚ ਡੁੱਬੇ ਹੋਣ ਕਰਕੇ ਖੇਤਾਂ ਦੀ ਸੰਭਾਲ ਲਈ ਭਾਰੀ ਸੰਘਰਸ਼ ਕਰਨਾ ਪੈ ਰਿਹਾ ਹੈ। ਦੋਵੇਂ ਪਿੰਡ ਪੰਜਾਬ-ਹਰਿਆਣਾ ਸਰਹੱਦ 'ਤੇ ਸਥਿਤ ਹਨ।

ਪ੍ਰਭਾਵਿਤ ਖੇਤਰ ਵਿੱਚੋਂ 350 ਏਕੜ ਰਕਬਾ ਕੁਸਲਾ ਵਿੱਚ ਹੈ, ਜਦਕਿ ਬਾਕੀ 150 ਏਕੜ ਸੁਰਤੀਆ ਵਿੱਚ ਪੈਂਦਾ ਹੈ। ਇਹ ਇੱਕ ਗ਼ੈਰ-ਪੱਧਰੀ ਇਲਾਕਾ ਹੈ ਅਤੇ ਜ਼ਿਆਦਾ ਮੀਂਹ ਦੌਰਾਨ ਅਕਸਰ ਡੁੱਬ ਜਾਂਦਾ ਹੈ। ਕਿਸਾਨਾਂ ਵੱਲੋਂ ਵਾਧੂ ਪਾਣੀ ਦੇ ਨਿਕਾਸ ਲਈ 10 ਐਚ.ਪੀ. ਦੀਆਂ ਦੋ ਮੋਟਰਾਂ ਵੀ ਲਗਾਈਆਂ ਹਨ, ਪਰ ਕੋਈ ਫ਼ਾਇਦਾ ਨਹੀਂ ਹੋਇਆ।

“ਜੁਲਾਈ ਦੀ ਸ਼ੁਰੂਆਤ ਵਿੱਚ ਪਏ ਮੀਂਹ ਤੋਂ ਬਾਅਦ ਖੇਤਾਂ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਅਤੇ ਸਮੇਂ ਦੇ ਨਾਲ ਸਥਿਤੀ ਹੋਰ ਵਿਗੜਦੀ ਚਲੀ ਗਈ। ਹੁਣ ਖੇਤਾਂ 'ਚ ਦੋ ਤੋਂ ਤਿੰਨ ਫੁੱਟ ਪਾਣੀ ਖੜ੍ਹਾ ਹੈ। ਜ਼ਿਆਦਾਤਰ ਕਿਸਾਨ ਜਾਂ ਤਾਂ ਸਾਉਣੀ ਦੀ ਫ਼ਸਲ ਬੀਜਣ 'ਚ ਨਾਕਾਮ ਰਹੇ, ਤੇ ਜਿਨ੍ਹਾਂ ਨੇ ਬੀਜੀ ਵੀ, ਉਹ ਉਸ ਦਾ ਮੁੱਲ ਨਹੀਂ ਵੱਟ ਸਕੇ। ਅਤੇ ਹੁਣ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹਾੜ੍ਹੀ ਦੀ ਫ਼ਸਲ ਵੀ ਬੀਜ ਨਹੀਂ ਸਕਣਗੇ,” ਕੁਸਲਾ ਦੇ ਇੱਕ ਕਿਸਾਨ ਨੇ ਦੱਸਿਆ। “ਨਾਲ ਲੱਗਦੇ ਸੁਰਤੀਆ 'ਚ ਪੈਂਦੇ 150 ਏਕੜ ਦਾ ਵੀ ਇਹੀ ਹਾਲ ਹੈ।" ਉਸ ਨੇ ਅੱਗੇ ਕਿਹਾ। 

ਦਿਲਚਸਪ ਗੱਲ ਇਹ ਹੈ ਕਿ ਇਸ ਸਮੱਸਿਆ ਦੇ ਨਿਵਾਰਨ ਲਈ 2005 ਵਿੱਚ ਇਸ ਇਲਾਕੇ ਵਿੱਚ ਇੱਕ ਡਰੇਨ ਪੁੱਟੀ ਗਈ ਸੀ, ਪਰ ਸਮੇਂ ਦੇ ਨਾਲ ਇਸ ਨੂੰ ਭਰ ਦਿੱਤਾ ਗਿਆ ਕਿਉਂਕਿ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋਇਆ। ਇੱਕ ਕਿਸਾਨ ਨੇ ਕਿਹਾ, “ਨਾਲ਼ਾ ਬੇਕਾਰ ਹੋ ਗਿਆ ਸੀ ਅਤੇ ਇਹ ਹੌਲੀ-ਹੌਲੀ ਭਰ ਗਿਆ ਸੀ। ਵੈਸੇ ਕਿਸਾਨ ਹੁਣ ਚਾਹੁੰਦੇ ਹਨ ਕਿ ਇਸ ਨੂੰ ਦੁਬਾਰਾ ਪੁੱਟ ਕੇ ਚੱਲਦਾ ਕੀਤਾ ਜਾਵੇ, ਅਤੇ ਮਾਰ ਹੇਠ ਆਏ ਸਾਰੇ ਪਰਿਵਾਰ ਸਰਕਾਰਾਂ ਵੱਲ੍ਹ ਆਸ ਭਰੀ ਨਜ਼ਰ ਨਾਲ ਦੇਖ ਰਹੇ ਹਨ।