ਜੇ ਵਿਰੋਧੀ ਧਿਰਾਂ ਸਾਥ ਦੇਣ ਤਾਂ ਵਿਧਾਨ ਸਭਾ ਦਾ ਰੁਤਬਾ ਹੋਰ ਉੱਚਾ ਕਰਾਂਗਾ : ਸੰਧਵਾਂ

ਏਜੰਸੀ

ਖ਼ਬਰਾਂ, ਪੰਜਾਬ

ਜੇ ਵਿਰੋਧੀ ਧਿਰਾਂ ਸਾਥ ਦੇਣ ਤਾਂ ਵਿਧਾਨ ਸਭਾ ਦਾ ਰੁਤਬਾ ਹੋਰ ਉੱਚਾ ਕਰਾਂਗਾ : ਸੰਧਵਾਂ

image

ਚੰਡੀਗੜ੍ਹ, 12 ਅਕਤੂਬਰ (ਜੀ.ਸੀ.ਭਾਰਦਵਾਜ): ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਤੀਜਾ ਇਜਲਾਸ ਵਿਰੋਧੀ ਧਿਰਾਂ ਦੀ ਸਖ਼ਤ ਨੁਕਤਾਚੀਨੀ, ਵਾਕਆਊਟ, ਧਰਨੇ, ਸਮਾਨੰਤਰ ਬੈਠਕਾਂ ਅਤੇ ਮੀਡੀਆ ਦੇ ਵਿਵਾਦਾਂ ਵਿਚ ਪਿਛਲੇ ਹਫ਼ਤੇ 3 ਅਕਤੂਬਰ ਨੂੰ  ਖ਼ਤਮ ਤਾਂ ਹੋ ਗਿਆ ਪਰ ਕੁਲ 117 ਮੈਂਬਰੀ ਸਦਨ ਵਿਚ 92 ਵਿਧਾਇਕਾਂ ਵਾਲੀ 'ਆਪ' ਸਰਕਾਰ ਇਸ ਦੇ ਮੰਤਰੀਆਂ ਤੇ ਵਿਸ਼ੇਸ਼ ਕਰ ਕੇ ਸਪੀਕਰ ਨੂੰ  ਇਹ ਸੋਚਣ ਲਈ ਮਜਬੂਰ ਕਰ ਗਿਆ ਕਿ ਕੀ ਇਸ ਵਿਸ਼ੇਸ਼ ਇਜਲਾਸ ਦੀ ਮਹੱਤਤਾ ਕੇਵਲ ਇਹੋ ਸੀ ਕਿ ਅਪਣੀ ਹੀ ਸਰਕਾਰ ਦੇ ਸਾਰੇ 91 ਵਿਧਾਇਕ (ਸਪੀਕਰ ਨੂੰ  ਛੱਡ ਕੇ) ਕੇਵਲ 7 ਮਹੀਨੇ ਬਾਅਦ ਹੀ ਬੇਵਿਸ਼ਵਾਸੀ ਦੇ ਪਾਤਰ ਬਣ ਗਏ?
ਭਾਵੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਦਨ ਵਿਚ ਵਿਚਾਰਨ ਵਾਲਾ ਏਜੰਡਾ ਮੰਗ ਕੇ ਇਜਲਾਸ ਇਕ ਹਫ਼ਤਾ ਲੇਟ ਕਰਵਾ ਦਿਤਾ ਪਰ ਫਿਰ ਵੀ 27 ਸਤੰਬਰ ਤੋਂ ਸ਼ੁਰੂ ਹੋਇਆ ਸੈਸ਼ਨ ਕੁਲ 4 ਬੈਠਕਾਂ ਮਗਰੋਂ 3 ਅਕਤੂਬਰ ਨੂੰ  ਸਰਕਾਰ ਵਿਚ 'ਆਪ' ਵਿਧਾਇਕਾਂ ਵਲੋਂ ਪ੍ਰਗਟ ਕੀਤੇ ਵਿਸ਼ਵਾਸ ਮਤ ਦੇ ਨਾਲ ਉਠਾ ਦਿਤਾ ਗਿਆ | ਰੋਜ਼ਾਨਾ ਸਪੋਕਸਮੈਨ ਵਲੋਂ ਇਸ ਮੁੱਦੇ 'ਤੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਸਪਸ਼ਟ ਕਿਹਾ ਕਿ ਵਿਰੋਧੀ ਧਿਰਾਂ ਯਾਨੀ 18 ਵਿਧਾਇਕਾਂ ਵਾਲੀ ਕਾਂਗਰਸ, 3 ਮੈਂਬਰੀ ਸ਼ੋ੍ਰਮਣੀ ਅਕਾਲੀ ਦਲ, 2 ਮੈਂਬਰੀ ਬੀਜੇਪੀ ਤੇ ਇਕ ਮੈਂਬਰੀ ਬਹੁਜਨ ਸਮਾਜ ਪਾਰਟੀ ਦੀ ਭੂਮਿਕਾ ਬਹੁਤੀ ਚੰਗੀ ਨਹੀਂ ਸੀ, ਉਹ ਕੇਵਲ, ਰੌਲਾ ਰੱਪਾ, ਘੜਮੱਸ, ਤੌਹਮਤਬਾਜ਼ੀ ਤੇ ਸਦਨ ਦੀ ਕਾਰਵਾਈ ਵਿਚ ਰੋਕਾਂ ਲਾਉਣ ਵਿਚ ਵਿਸ਼ਵਾਸ ਰੱਖਦੇ ਸਨ |
ਸਪੀਕਰ ਨੇ ਦਸਿਆ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਕੋਈ ਪ੍ਰਸ਼ਨ ਹੀ ਨਹੀਂ ਦਿਤੇ ਸਨ, ਫਿਰ ਪ੍ਰਸ਼ਨ ਕਾਲ ਕਿਉਂ ਹੁੰਦਾ, ਧਿਆਨ ਦਿਵਾਊ ਮਤੇ ਵੀ ਨਹੀਂ ਸਨ, ਹੋਰ ਭਖਦੇ ਮੁੱਦੇ ਵੀ ਨਹੀਂ ਸਨ ਜਿਸ 'ਤੇ ਚਰਚਾ ਹੋਣੀ ਸੀ, ਕੇਵਲ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿਤਾ ਗਿਆ ਵਿਸ਼ਵਾਸ ਮਤ ਦਾ ਨੋਟਿਸ ਵਿਚ ਜਿਸ 'ਤੇ 4 ਬੈਠਕਾਂ ਵਿਚੋਂ 3 ਦੌਰਾਨ, ਵਾਰੋ ਵਾਰੀ ਵਿਚਾਰ ਆਉਂਦੇ ਰਹੇ | ਉਨ੍ਹਾਂ ਕਿਹਾ ਜਦੋਂ ਕਾਂਗਰਸੀ ਵਿਧਾਇਕਾਂ ਨੇ ਸਦਨ ਦੀ ਪਵਿੱਤਰਤਾ, ਮਾਣ ਮਰਿਆਦਾ ਦਾ ਹੀ ਧਿਆਨ ਨਹੀਂ ਰਖਿਆ ਤਾਂ ਹੀ ਮਜਬੂਰੀ ਵਿਚ ਇਕ ਦਿਨ ਬਾਹਰ ਕੱਢਣਾ ਪਿਆ | ਸਪੀਕਰ ਦਾ ਕਹਿਣਾ ਸੀ ਕਿ ਜੇ ਵਿਰੋਧੀ ਧਿਰਾਂ ਦੇ ਮੈਂਬਰ ਸਾਥ ਦੇਣ ਤਾਂ ਵਿਧਾਨ ਸਭਾ ਦਾ ਰੁਤਬਾ, ਦਰਜਾ ਤੇ ਪਵਿੱਤਰਤਾ ਨਾ ਸਿਰਫ਼ ਕਾਇਮ ਰੱਖੀ ਜਾ ਸਕਦੀ ਬਲਕਿ ਲੋਕਤੰਤਰ ਦੀਆਂ ਨਜ਼ਰਾਂ ਵਿਚ ਹੋਰ ਉੱਚਾ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਸਪੀਕਰ ਦੀ ਪਦਵੀਂ ਬਿਨਾਂ ਵਿਤਕਰੇ ਤੇ ਬਿਨਾਂ ਪੱਖਪਾਤ ਤੋਂ ਨਜ਼ਰੀਏ ਵਾਲੀ ਹੁੰਦੀ ਹੈ ਅਤੇ ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ ਹਮੇਸ਼ਾ ਨਿਰਪੱਖ ਰਵਈਏ ਦੇ ਪੈਰੋਕਾਰ ਸਮਝੇ ਜਾਂਦੇ ਹਨ ਪਰ ਵਿਰੋਧੀ ਧਿਰਾਂ ਅਕਸਰ ਇਸ ਨਿਰਪੱਖ ਕੁਰਸੀ ਵਲੋਂ ਕੀਤੇ ਵਤੀਰੇ ਤੇ ਉਂਗਲ ਉਠਾਉਂਦੀਆਂ ਰਹਿੰਦੀਆਂ ਹਨ | 
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਲੋਂ ਸਦਨ ਦੀ ਬੈਠਕ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤਕ (ਵਿਚੋਂ 1 ਘੰਟੇ ਦੀ ਦੁਪਹਿਰ ਦੇ ਖਾਣੇ ਦੀ ਬ੍ਰੇਕ) ਚਲਾਉਣ ਦੇ ਨਵੇਂ ਪ੍ਰੋਗਰਾਮ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਸ. ਸੰਧਵਾਂ ਨੇ ਕਿਹਾ ਕਿ ਸਲਾਹ ਮਸ਼ਵਰੇ ਮਗਰੋਂ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਵਿਚ ਬਦਲਾਅ ਲਿਆ ਕੇ ਇਹ ਪ੍ਰਸਤਾਵ ਵੀ ਲਾਗੂ ਕੀਤਾ ਜਾ ਸਕਦਾ ਹੈ | ਪਹਿਲਾਂ ਪਾਸ ਕੀਤੇ ਨਿਯਮਾਂ ਮੁਤਾਬਕ ਕਿ ਸਾਲ ਵਿਚ ਵਿਧਾਨ ਸਭਾ ਦੀਆਂ ਬੈਠਕਾਂ ਘੱਟੋ ਘੱਟ 40 ਜ਼ਰੂਰ ਹੋਣ, ਦੇ ਜਵਾਬ ਵਿਚ ਸਪੀਕਰ ਨੇ ਕਿਹਾ ਕਿ ਸਰਕਾਰ ਵਲੋਂ ਭੇਜੇ ਏਜੰਡੇ ਅਨੁਸਾਰ ਹੀ ਬੈਠਕਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ | ਅਗੱਸਤ ਵਿਚ ਕੈਨੇਡਾ ਦੇ ਹੈਲੀਫੈਕਸਵਿਚ ਹੋਏ ਪਾਰਲੀਮੈਂਟਰੀ ਅੰਤਰਰਾਸ਼ਟਰੀ ਕਾਨਫ਼ਰੰਸ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਸ ਵੱਡੇ ਸੰਮੇਲਨ ਵਿਚ ਭਾਰਤ ਦੀ ਲੋਕ ਸਭਾ ਤੇ ਰਾਜ ਸਭਾ ਸਮੇਤ ਕਈ ਸੂਬਿਆਂ ਦੇ ਸਪੀਕਰ ਤੇ ਡਿਪਟੀ ਸਪੀਕਰ ਅਤੇ ਹੋਰ ਨੁਮਾਇੰਦੇ, ਹਫ਼ਤਾ ਭਰ, ਮਹੱਤਵਪੂਰਨ, ਲੋਕ ਹਿਤ ਮੁੱਦਿਆਂ 'ਤੇ ਚਰਚਾ ਕਰਦੇ ਰਹੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵਿਧਾਨ ਸਭਾ ਦੀ ਕਾਰਗੁਜ਼ਾਰੀ ਵਿਚ ਚੰਗੀ ਕਦਰਾਂ ਕੀਮਤਾਂ ਵਾਲੀ ਚਰਚਾ ਛੇੜੀ ਜਾਵੇ ਅਤੇ ਕਾਰਵਾਈ ਨੂੰ  ਪਾਰਦਰਸ਼ੀ ਤੇ ਲੋਕ ਹਿਤ ਵਾਸਤੇ ਉਚੇ ਸਥਾਨ 'ਤੇ ਪਹੁੰਚਾਇਆ ਜਾਵੇ | ਸੰਧਵਾਂ ਦਾ ਮੰਨਣਾ ਹੈ ਕਿ 'ਆਪ' ਸਰਕਾਰ ਹਮੇਸ਼ਾ ਲੋਕ ਭਲਾਈ ਦੇ ਕੰਮਾਂ 'ਤੇ ਪਹਿਰਾ ਦਿੰਦੀ ਰਹੇਗੀ ਅਤੇ ਵਿਰੋਧੀ ਧਿਰਾਂ ਨੂੰ  ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵੱਧ ਬਹਿਸ ਵਿਚ ਹਿੱਸਾ ਲੈਣ ਲਈ ਵਕਤ ਦੇਵੇਗੀ |
ਫ਼ੋਟੋ ਨਾਲ ਨੱਥੀ