ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਦੀ ਲੁਧਿਆਣਾ ਟੀਮ ਨੇ ਕੀਤੀ ਵੱਡੀ ਕਾਰਵਾਈ
ਸ਼ੰਭੂ ਬਾਰਡਰ ਤੋਂ 186 ਕਿਲੋ ਗਾਂਜਾ ਕੀਤਾ ਜਬਤ, 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਕੀਮਤ
ਰਾਜਪੁਰਾ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਨਸ਼ਾ ਤਸਕਰੀ ਦੇ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਰਾਜਪੁਰਾ ਦੇ ਸ਼ੰਭੂ ਬਾਰਡਰ ਤੋਂ ਲਗਭਗ 186 ਕਿਲੋਗ੍ਰਾਮ ਗਾਂਜਾ ਜਬਤ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਲਗਭਗ 50 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਡੀਆਰਆਈ ਦੀ ਟੀਮ ਇਸ ਵੱਡੀ ਖੇਪ ਦੇ ਨਾਲ ਪੰਜ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਜੱਜ ਨੇ ਸਾਰੇ ਪੰਜ ਆਰੋਪੀਆਂ ਨਿਆਂਇਕ ਹਿਰਾਸਤ ਦੌਰਾਨ ਜੇਲ੍ਹ ਭੇਜਣ ਦਾ ਹੁਕਮ ਦਿੱਤਾ।
ਡੀਆਰਆਈ ਦੇ ਅਧਿਕਾਰੀਆਂ ਦੇ ਅਨੁਸਾਰ ਉਨ੍ਹਾਂ ਨੂੰ ਖੁਫ਼ੀਆ ਸੂਤਰਾਂ ਤੋਂ ਗਾਂਜੇ ਦੀ ਵੱਡੀ ਖੇਪ ਦੀ ਤਸਕਰੀ ਸਬੰਧੀ ਪੁਖਤਾ ਜਾਣਕਾਰੀ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਡੀਆਰਆਈ ਦੀ ਟੀਮ ਨੇ ਸ਼ੰਭੂ ਹਾਈਵੇ ’ਤੇ ਨਾਕਾਬੰਦੀ ਕਰਕੇ ਦੋ ਸ਼ੱਕੀ ਗੱਡੀਆਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤਲਾਸੀ ਲਈ। ਤਸਕਰਾਂ ਨੇ ਗਾਂਜੇ ਨੂੰ ਲੁਕਾਉਣ ਦੇ ਲਈ ਗੱਡੀਆਂ ਦੇ ਅੰਦਰ ਇਕ ਗੁਪਤ ਕੈਬਿਨ ਵਰਗਾ ਢਾਂਚਾ ਬਣਾਇਆ ਹੋਇਆ ਸੀ। ਜਿਸ ਨੂੰ ਬੇਹੱਦ ਤਕਨੀਕੀ ਤਰੀਕੇ ਨਾਲ ਛੁਪਾਇਆ ਗਿਆ ਸੀ ਤਾਂ ਕਿ ਜਾਂਚ ਦੌਰਾਨ ਇਹ ਪਕੜ ਵਿਚ ਨਾ ਆ ਸਕਣ। ਡੀਆਰਆਈ ਦੀ ਟੀਮ ਵੱਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਬਾਅਦ 186 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਡੀਆਰਆਈ ਦੀ ਟੀਮ ਅਨੁਸਾਰ ਇਹ ਗਾਜ਼ਾ ਲੁਧਿਆਣਾ ਵਿਖੇ ਲਿਜਾਇਆ ਜਾਣਾ ਸੀ।