ਕਾਲਜ-ਯੂਨੀਵਰਸਿਟੀਆਂ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ, 50% ਵਿਦਿਆਰਥੀਆਂ ਨਾਲ ਸ਼ੁਰੂ ਹੋਣਗੀਆਂ ਕਲਾਸਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੇ ਦੌਰ 'ਚ ਫਾਈਨਲ ਕਲਾਸ ਦੇ ਵਿਦਿਆਰਥੀਆਂ ਨੂੰ ਹੀ ਬੁਲਾਇਆ ਜਾਵੇਗਾ

Students

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਤੋਂ ਬਾਅਦ ਯੂਜੀਸੀ ਵੱਲੋਂ ਦੇਸ਼ ਭਰ ਵਿਚ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਚਲਦਿਆਂ ਪੰਜਾਬ ਵਿਚ 16 ਨਵੰਬਰ ਤੋਂ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਰਹੀਆਂ ਹਨ।

ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਮੁਤਾਬਕ ਕਲਾਸਾਂ ਵਿਚ 50 ਫੀਸਦ ਵਿਦਿਆਰਥੀ ਹੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਹੋਸਟਲ ਵਿਚ ਇਕ ਕਮਰੇ 'ਚ ਇਕ ਹੀ ਵਿਦਿਆਰਥੀ ਰਹਿ ਸਕੇਗਾ। ਹਦਾਇਤਾਂ ਮੁਤਾਬਕ ਪਹਿਲੇ ਦੌਰ 'ਚ ਫਾਈਨਲ ਕਲਾਸ ਦੇ ਵਿਦਿਆਰਥੀਆਂ ਨੂੰ ਹੀ ਕਾਲਜ/ਯੂਨੀਵਰਸਿਟੀ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਕਾਲਜ ਅਤੇ ਯੂਨੀਵਰਸਿਟੀ ਦੇ ਸਟਾਫ ਲਈ ਕੋਰੋਨਾ ਵਾਇਰਸ ਦਾ ਟੈਸਟ ਲਾਜ਼ਮੀ ਹੋਵੇਗਾ।

ਕਾਲਜਾਂ ਵਿਚ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਦੌਰਾਨ ਸਮਾਜਕ ਦੂਰੀ, ਮਾਸਕ ਪਾਉਣਾ, ਸੈਨੀਟਾਈਜ਼ਰ ਦੀ ਵਰਤੋਂ ਆਦਿ ਨਿਯਮਾਂ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ।