ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਫ਼ੌਜ ਝੁਕੀ, ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਦਾ ਕੀਤਾ ਫ਼ੈਸਲਾ

ਏਜੰਸੀ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਫ਼ੌਜ ਝੁਕੀ, ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਦਾ ਕੀਤਾ ਫ਼ੈਸਲਾ

image

ਨਵੀਂ ਦਿੱਲੀ, 12 ਨਵੰਬਰ : ਅਦਾਲਤ ਦੇ ਹੁਕਮਾਂ ਦੀ ਉਲੰਘਣਾ ਤੋਂ ਬਚਣ ਲਈ ਭਾਰਤੀ ਫ਼ੌਜ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਭਰੋਸਾ ਦਿਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਤਿਹਾਸਕ ਫ਼ੈਸਲਾ ਦਿਤਾ ਸੀ ਕਿ ਔਰਤਾਂ ਨੂੰ ਫ਼ੌਜ ਵਿਚ ਸਥਾਈ ਕਮਿਸ਼ਨ ਮਿਲਣਾ ਚਾਹੀਦਾ ਹੈ। ਔਰਤਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। 
ਇਸ ’ਤੇ ਫ਼ੌਜ ਨੇ ਕਈ ਔਰਤਾਂ ਨੂੰ ਸਥਾਈ ਕਮਿਸ਼ਨ ਦਿਤਾ ਸੀ ਪਰ ਕੁੱਝ ਨੂੰ ਨਹੀਂ ਦਿਤਾ ਸੀ। ਅਜਿਹੀਆਂ 72 ਔਰਤਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਹੁਕਮ ਦੀ ਉਲੰਘਣਾ ਦੀ ਗੱਲ ਕਹੀ ਸੀ। ਇਸ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਹੈ। ਭਾਰਤੀ ਫ਼ੌਜ ਨੇ ਕਿਹਾ ਹੈ ਕਿ ਉਹ ਔਰਤਾਂ ਨੂੰ ਸਥਾਈ ਕਮਿਸ਼ਨ ਦੇਵੇਗੀ। 
ਇਸ ਫ਼ੈਸਲੇ ਤੋਂ ਬਾਅਦ ਕਈ ਔਰਤਾਂ ਨੂੰ ਫ਼ੌਜ ਵਲੋਂ ਸਥਾਈ ਕਮਿਸ਼ਨ ਦਿਤਾ ਗਿਆ ਹੈ ਪਰ ਕੁੱਝ ਔਰਤਾਂ ਨੂੰ ਮੈਡੀਕਲ ਜਾਂ ਕਿਸੇ ਹੋਰ ਕਾਰਨ ਕਰ ਕੇ ਸਥਾਈ ਕਮਿਸ਼ਨ ਨਹੀਂ ਦਿਤਾ ਗਿਆ। ਅਜਿਹੀਆਂ 72 ਔਰਤਾਂ ਨੇ ਸੁਪਰੀਮ ਕੋਰਟ ਵਿਚ ਅਦਾਲਤ ਦੀ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ। 
ਇਸ ਮਾਮਲੇ ਦੀ ਅੱਜ ਅਦਾਲਤ ਵਿਚ ਸੁਣਵਾਈ ਹੋਈ ਜਿਸ ਵਿਚ ਅਦਾਲਤ ਨੇ ਫ਼ੌਜ ਦੇ ਰਵਈਏ ਨੂੰ ਲੈ ਕੇ ਸਖ਼ਤ ਰੁਖ਼ ਅਖ਼ਤਿਆਰ ਕੀਤਾ। ਅਦਾਲਤ ਨੇ ਕਿਹਾ ਕਿ ਅਦਾਲਤ ਦੇ ਸਪੱਸ਼ਟ ਹੁਕਮਾਂ ਦੇ ਬਾਵਜੂਦ ਫ਼ੌਜ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਔਰਤਾਂ ਨੂੰ ਸਥਾਈ ਕਮਿਸ਼ਨ ਨਹੀਂ ਦੇ ਰਹੀ ਹੈ।