ਬੇਅਦਬੀ ਮਾਮਲੇ 'ਚ SIT ਦਾ ਖੁਲਾਸਾ, ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਸੀ ਬੇਅਦਬੀ ਦੀ ਸਾਜ਼ਿਸ਼

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਇਹ ਸਾਜ਼ਿਸ਼ ਰਚੀ ਜਾ ਰਹੀ ਸੀ ਉਸ ਸਮੇਂ ਉੱਥੇ ਡੇਰਾ ਮੁਖੀ ਵੀ ਮੌਜੂਦ ਸੀ।

Sauda Sadh

 

ਚੰਡੀਗੜ੍ਹ - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਡੇਰਾ ਸੱਚਾ ਸੌਦਾ ਦੇ ਮੁਖੀ ਸੌਦਾ ਸਾਧ ਤੋਂ ਹੋਈ ਪੁੱਛਗਿੱਛ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੇਅਦਬੀ ਦੀ ਸਾਜਿਸ਼ ਡੇਰਾ ਸੱਚਾ ਸੌਦਾ ਦੇ ਪ੍ਰਬੰਧਕੀ ਕੰਪਲੈਕਸ ਵਿਚ ਰਚੀ ਗਈ ਸੀ ਅਤੇ ਜਦੋਂ ਇਹ ਸਾਜ਼ਿਸ਼ ਰਚੀ ਜਾ ਰਹੀ ਸੀ ਉਸ ਸਮੇਂ ਉੱਥੇ ਡੇਰਾ ਮੁਖੀ ਵੀ ਮੌਜੂਦ ਸੀ।

ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਡੇਰਾ ਮੁਖੀ ਤੋਂ ਸੁਨਾਰੀਆ ਜੇਲ੍ਹ ਵਿਚ ਪੁੱਛ-ਪੜਤਾਲ ਕੀਤੀ ਗਈ ਸੀ ਪਰ ਉਸ ਵੱਲੋਂ ਸਵਾਲਾਂ ਦਾ ਸਹੀ ਜਵਾਬ ਨਹੀਂ ਦਿੱਤਾ ਗਿਆ ਅਤੇ ਸੱਚ ਲਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਬੇਅਦਬੀ ਕਾਂਡ ਵਿਚ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਲਾਜ਼ਮੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਬੇਅਦਬੀ ਮਾਮਲੇ ’ਚ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸਰਕਾਰੀ ਵਕੀਲ ਨੇ ਰਿਪੋਰਟ ਪੇਸ਼ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ।

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਫਿਰ ਰੋਹਤਕ ਦੀ ਸੁਨਾਰੀਆ ਜੇਲ ’ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਮੁੜ ਪੁਛਗਿਛ ਕਰਨ ਜਾਵੇਗੀ। ਇਸ ਨੂੰ ਦੇਖਦੇ ਹੋਏ ਹਾਈਕੋਰਟ ਨੇ ਸੁਣਵਾਈ ਮੁਲਤਵੀ ਕਰ ਦਿਤੀ। ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੋਵੇਗੀ। ਐਸਆਈਟੀ ਨੇ ਹਾਈ ਕੋਰਟ ਵਿਚ ਸੌਦਾ ਸਾਧ ਨੂੰ ਸਹਿਯੋਗ ਦੇਣ ਜਾਂ ਨਾ ਕਰਨ ਬਾਰੇ ਕੁੱਝ ਨਹੀਂ ਕਿਹਾ। ਸਰਕਾਰੀ ਵਕੀਲ ਨੇ ਇਨਾਂ ਹੀ ਕਿਹਾ ਕਿ ਸੌਦਾ ਸਾਧ ਤੋਂ ਅਜੇ ਹੋਰ ਪੁਛਗਿਛ ਕੀਤੀ ਜਾਣੀ ਹੈ। ਜਦੋਂ ਸਰਕਾਰੀ ਵਕੀਲ ਨੇ ਮੁੜ ਜਾਂਚ ਲਈ ਕਿਹਾ ਤਾਂ ਹਾਈ ਕੋਰਟ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਹੁਕਮ ਦਿਤੇ ਜਾ ਚੁੱਕੇ ਹਨ।