ਸ਼੍ਰੋਮਣੀ ਕਮੇਟੀ ਵਲੋਂ ਮਨਾਇਆ ਗਿਆ ‘ਸਮਾਣਾ ਫ਼ਤਹਿ ਦਿਵਸ’ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
ਸ਼੍ਰੋਮਣੀ ਕਮੇਟੀ ਵਲੋਂ ਮਨਾਇਆ ਗਿਆ ‘ਸਮਾਣਾ ਫ਼ਤਹਿ ਦਿਵਸ’ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
ਕੇਂਦਰ ਸਰਕਾਰ ਦਾ ਜ਼ਮੀਨੀ ਮਾਲਕੀ ਖੋਹਣ ਵਾਲਾ ਮਨਸੂਬਾ ਸਫਲ ਨਹੀਂ ਹੋਣ ਦੇਵਾਂਗੇ : ਬੀਬੀ ਜਗੀਰ ਕੌਰ
ਸਮਾਣਾ/ਪਟਿਆਲਾ 12 ਨਵੰਬਰ (ਦਲਜਿੰਦਰ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਦੇ ਸਹਿਯੋਗ ਨਾਲ ਨੌਵੀਂ ਪਾਤਸ਼ਾਹੀ ਦੇ ਅਸਥਾਨ ਇਤਿਹਾਸਕ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ’ਚ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ‘ਸਮਾਣਾ ਫ਼ਤਹਿ ਦਿਵਸ’ ਧਾਰਮਕ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ।
ਇਸ ਮੌਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਸਮਾਣਾ ਫ਼ਤਹਿ ਦਿਵਸ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਖ਼ਾਲਸਾ ਪੰਥ ਦੀ ਮਹਾਨ ਵਿਰਾਸਤ ਅਤੇ ਸਿੱਖਾਂ ਦਾ ਸ਼ਾਨਾਮੱਤਾ ਇਤਿਹਾਸ ਅਨੇਕਾਂ ਹੀ ਕੁਰਬਾਨੀਆਂ ਨਾਲ ਭਰਿਆ ਹੈ ਅਤੇ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜ਼ਾਲਮ ਹਕੂਮਤਾਂ ਨੂੰ ਸਬਕ ਸਿਖਾਉਣ ਵਾਲੀਆਂ ਲੜੀਆਂ ਮਿਸਾਲੀ ਜੰਗਾਂ ਅਪਣੀ ਸ਼ਹਾਦਤ ਦੇ ਕੇ ਜਿੱਤੀਆਂ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਇਕੋ ਇਕ ਅਜਿਹਾ ਜਰਨੈਲ ਸਿੰਘ ਸੀ, ਜਿਸ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਮਾਲਕੀ ਹੱਕ ਦਿਵਾਇਆ, ਪ੍ਰੰਤੂ ਅੱਜ ਮਾੜੇ ਮਨਸੂਬੇ ਰੱਖਣ ਵਾਲੀ ਕੇਂਦਰ ਸਰਕਾਰ ਖੇਤੀ ਦੇ ਕਾਲੇ ਕਾਨੂੰਨਾਂ ਲਿਆ ਕੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਹੱਕ ਖੋਹਣ ਨੂੰ ਤੁਰੀ ਹੈ ਅਤੇ ਜ਼ਮੀਨਾਂ ਦੇ ਮਾਲਕੀ ਹੱਕ ਖੋਹਣ ਦਾ ਮਨਸੂਬਾ ਕਦੇ ਵੀ ਸਫਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਵਿਖਾਇਆ ਰਸਤਾ ਕਿਸਾਨਾਂ ਦਾ ਮਾਰਗ ਹੀ ਦਰਸ਼ਨ ਨਹੀਂ ਕਰੇਗਾ ਬਲਕਿ ਅੰਨੀ, ਗੂੰਗੀ ਅਤੇ ਬੋਲੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਵੇਗਾ, ਜਿਸ ਨੂੰ ਜਗਾਉਣ ਲਈ ਅੱਜ ਦੁਨੀਆ ਭਰ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਅਪਣਾ ਸੰਘਰਸ਼ ਕਰ ਰਿਹਾ ਹੈ।
ਇਸ ਮੌਕੇ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਵੀ ਸੰਗਤਾਂ ਨੂੰ ਜਿਥੇ ਅਪਣੇ ਮਹਾਨ ਇਤਿਹਾਸ ਅਤੇ ਵਿਰਾਸਤ ਨਾਲ ਜੁੜਨ ਲਈ ਪ੍ਰੇਰਿਆ, ਉਥੇ ਹੀ ਬੁੱਢਾ ਦਲ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੰਗ ’ਚ ਵਰਤਿਆ ਨਗਾਰਾ ਅਤੇ ਸਾਂਭੇ ਗਏ ਸ਼ਸ਼ਤਰਾਂ ਦੇ ਸੰਗਤਾਂ ਨੂੰ ਦਰਸ਼ਨ ਦੀਦਵਾਰ ਕਰਵਾਏ ਤਾਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਖਾਲਸਾਈ ਰੰਗ ਪ੍ਰਦਾਨ ਕੀਤਾ। ਇਸ ਮੌਕੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਹੈਡ ਗ੍ਰੰਥੀ ਭਾਈ ਪਿ੍ਰਤਪਾਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਧਾਰਮਕ ਸਮਾਗਮ ਦੌਰਾਨ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸ. ਚਰਨਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰਾਨ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਕੁਲਦੀਪ ਸਿੰਘ ਨੱਸੂਪੁਰ, ਜਥੇਦਾਰ ਨਿਰਮਲ ਸਿੰਘ ਹਰਿਆਊ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਹਰਦੀਪ ਕੌਰ ਖੋਖ ਤੋਂ ਇਲਾਵਾ ਸੰਤ ਮਹਾਂਪੁਰਸ਼ਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਨਾਲ ਸਨਮਾਨਤ ਕੀਤਾ।
ਫੋਟੋ ਨੰ 12ਪੀਏਟੀ. 2