ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਤਿੰਨ ਖਿਲਾਫ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਦੇ ਬਿਆਨਾਂ ’ਤੇ ਪਿੰਡ ਦੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ

Death of youth due to drug overdose, case registered against three

 

ਫਰੀਦਕੋਟ:- ਪਿੰਡ ਭਾਣਾ ਵਿੱਚ ਅੱਜ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।  ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਪਿੰਡ ਦੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਭਾਣਾ ਵਾਸੀ ਬਾਵਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਚੈਨ ਸਿੰਘ ਪੁੱਤਰ ਨਾਜਰ ਸਿੰਘ ਭੱਠੇ ’ਤੇ ਕੰਮ ਕਰਦਾ ਸੀ।  ਜਦੋਂਕਿ ਕੱਲ੍ਹ ਉਹ ਨਰਮਾ ਲੈਣ ਗਿਆ ਸੀ ਅਤੇ ਰਾਤ ਨੂੰ ਸਹੀ ਸਲਾਮਤ ਘਰ ਆ ਗਿਆ।  ਅੱਜ ਸਵੇਰੇ ਪਿੰਡ ਦੇ ਹੀ ਦੋ ਨੌਜਵਾਨ ਲੱਕੀ ਪੁੱਤਰ ਸੁੱਖਾ ਅਤੇ ਅਭਿਸ਼ੇਕ ਪੁੱਤਰ ਜਗਜੀਤ ਸਿੰਘ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਅਤੇ ਫਿਰ ਬੇਹੋਸ਼ੀ ਦੀ ਹਾਲਤ ’ਚ ਵਾਪਸ ਛੱਡ ਗਏ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਸੁਖਚੈਨ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ।  ਬਾਵਾ ਸਿੰਘ ਦੇ ਇਨ੍ਹਾਂ ਬਿਆਨਾਂ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।  

ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਚੈਨ ਸਿੰਘ ਦਾ ਕਰੀਬ ਛੇ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ।  ਉਸ ਦੇ ਦੋ ਬੱਚੇ ਹਨ।  ਜਿਸ ਵਿੱਚ ਕਰੀਬ 8 ਸਾਲ ਦਾ ਬੇਟਾ ਉਸ ਦੇ ਨਾਲ ਰਹਿੰਦਾ ਸੀ।  ਜਦੋਂ ਕਿ ਛੇ ਸਾਲਾ ਬੇਟੀ ਆਪਣੀ ਮਾਂ ਨਾਲ ਰਹਿੰਦੀ ਹੈ।

ਇਸ ਸਬੰਧੀ ਜਾਂਚ ਅਧਿਕਾਰੀ ਬਲਵਿੰਦਰ ਸਿੰਘ ASI ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ’ਚ ਦੋ ਦੀ ਗ੍ਰਿਫਤਾਰੀ ਹੋ ਚੁਕੀ ਹੈ ਜਦ ਕਿ ਇਸ ਮਾਮਲੇ ਵਿਚ ਤੀਜਾ ਨਾਮਜ਼ਦ ਯੁਵਕ ਜਿਸ ’ਤੇ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ ਲੱਗੇ ਹਨ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।