ਮੋਗਾ: ਸੇਵਾਮੁਕਤ ਸੂਬੇਦਾਰ ਦੀ ਕੁੱਟ-ਕੁੱਟ ਕੇ ਹੱਤਿਆ, 10-15 ਨੌਜਵਾਨਾਂ ਤੋਂ ਪੁੱਤ ਤੇ ਪੋਤੇ ਨੂੰ ਬਚਾਉਣ ਆਇਆ ਸੀ ਬਜ਼ੁਰਗ 

ਏਜੰਸੀ

ਖ਼ਬਰਾਂ, ਪੰਜਾਬ

ਸੇਵਾਮੁਕਤ ਫੌਜੀ ਸੂਬੇਦਾਰ ਗੁਰਦੇਵ ਸਿੰਘ (75) ਦੇ ਪੁੱਤਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਦੀਵਾਲੀ ਲਈ ਪਟਾਕੇ ਖਰੀਦਣ ਲਈ ਬਾਜ਼ਾਰ ਗਿਆ ਸੀ।

Gurdev Singh

 

ਮੋਗਾ - ਮੋਗਾ ਵਿਚ ਇੱਕ ਸੇਵਾਮੁਕਤ ਫੌਜੀ ਸੂਬੇਦਾਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਘਟਨਾ ਉਦੋਂ ਵਾਪਰੀ ਜਦੋਂ ਕੁਝ ਨੌਜਵਾਨਾਂ ਨੇ ਸੂਬੇਦਾਰ ਦੇ ਪੁੱਤਰ ਅਤੇ ਪੋਤਰੇ 'ਤੇ ਪਟਾਕੇ ਸੁੱਟੇ। ਜਦੋਂ ਦੋਵਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸੇਵਾਮੁਕਤ ਸੂਬੇਦਾਰ ਆਪਣੇ ਪੁੱਤਰ ਅਤੇ ਪੋਤਰੇ ਨੂੰ ਬਚਾਉਣ ਆਇਆ ਤਾਂ ਹਮਲਾਵਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 

ਸੇਵਾਮੁਕਤ ਫੌਜੀ ਸੂਬੇਦਾਰ ਗੁਰਦੇਵ ਸਿੰਘ (75) ਦੇ ਪੁੱਤਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਦੀਵਾਲੀ ਲਈ ਪਟਾਕੇ ਖਰੀਦਣ ਲਈ ਬਾਜ਼ਾਰ ਗਿਆ ਸੀ। ਜਦੋਂ ਬੱਚਿਆਂ ਨਾਲ ਵਾਪਸ ਆ ਰਿਹਾ ਸੀ ਤਾਂ ਸੜਕ 'ਤੇ ਖੜ੍ਹੇ ਨੌਜਵਾਨਾਂ 'ਚੋਂ ਇਕ ਨੇ ਉਹਨਾਂ 'ਤੇ ਪਟਾਕੇ ਸੁੱਟੇ। ਜਦੋਂ ਉਹਨਾਂ ਵੱਲੋਂ ਅਜਿਹਾ ਨਾ ਕਰਨ ਲਈ ਕਿਹਾ ਗਿਆ ਤਾਂ ਨੌਜਵਾਨਾਂ ਨੇ ਮਿਲ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।  

ਜਦੋਂ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ 'ਚੋਂ ਬਚ ਕੇ ਘਰ ਦੇ ਨੇੜੇ ਪਹੁੰਚੇ ਤਾਂ ਪਟਾਕੇ ਸੁੱਟਣ ਵਾਲਾ ਨੌਜਵਾਨ ਆਪਣੇ 10-15 ਦੋਸਤਾਂ ਨਾਲ ਉਥੇ ਪਹੁੰਚ ਗਿਆ ਅਤੇ ਮੇਰੀ ਫਿਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗਲੀ ਵਿਚ ਰੌਲਾ ਪੈਂਦਾ ਦੇਖ ਕੇ ਮੇਰੇ ਪਿਤਾ ਗੁਰਦੇਵ ਸਿੰਘ ਬਾਹਰ ਆ ਗਏ ਅਤੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਸ 'ਤੇ ਨੌਜਵਾਨਾਂ ਨੇ ਉਹਨਾਂ ਦੇ ਪਿਤਾ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ।

ਸੁਖਜੀਤ ਅਨੁਸਾਰ ਨੌਜਵਾਨਾਂ ਵੱਲੋਂ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਕਾਰਨ ਪਿਤਾ ਗਲੀ ਵਿਚ ਡਿੱਗ ਗਏ ਅਤੇ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਹ ਸਭ ਦੇਖ ਕੇ ਹਮਲਾ ਕਰਨ ਵਾਲਾ ਨੌਜਵਾਨ ਉਥੋਂ ਭੱਜ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਸੁਖਜੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।