ਪਿੰਡ ਠੱਠੇ ’ਚ ਜ਼ਮੀਨ ਵਿਵਾਦ ਦੌਰਾਨ ਚੱਲੀਆਂ ਗੋਲੀਆਂ, 21 ਸਾਲ ਦੇ ਨੌਜਵਾਨ ਦੀ ਮੌਤ
ਮ੍ਰਿਤਕ ਜਸਕਰਨ ਸਿੰਘ ਪਰਿਵਾਰ ਦਾ ਇਕੱਲਾ ਪੁੱਤਰ, ਪਿਤਾ ਵੀ ਗੰਭੀਰ ਜ਼ਖ਼ਮੀ
ਅੰਮ੍ਰਿਤਸਰ: ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਠੱਠੇ ‘ਚ ਜ਼ਮੀਨ ਦੇ ਵਿਵਾਦ ਕਾਰਨ ਗੋਲੀਆਂ ਚਲਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਇੱਕ ਪਾਸੇ ਵੱਲੋਂ ਦੂਜੇ ਪਾਸੇ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ‘ਚ 21 ਸਾਲਾ ਜਵਾਨ ਜਸਕਰਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਪਿਤਾ ਨੂੰ ਵੀ ਗੋਲੀਆਂ ਅਤੇ ਦਾਤਰ ਨਾਲ ਜ਼ਖ਼ਮੀ ਕੀਤਾ ਗਿਆ, ਜਿਨ੍ਹਾਂ ਦਾ ਇਲਾਜ ਅਸਪਤਾਲ ‘ਚ ਚੱਲ ਰਿਹਾ ਹੈ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਪਿੰਡ ਵਿੱਚ ਜ਼ਮੀਨ ਦੇ ਵਿਵਾਦ ਦਾ ਸਾਹਮਣਾ ਕਰ ਰਿਹਾ ਸੀ। ਪਿੰਡ ਦੇ ਕੁਝ ਮੋਹਤਬਰਾਂ ਨੇ ਮਾਮਲਾ ਸੁਲਝਾਉਣ ਅਤੇ ਰਾਜੀਨਾਮਾ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਅੱਜ ਸਵੇਰੇ ਜਸਕਰਨ ਸਿੰਘ ਮੋਹਤਬਰਾਂ ਨੂੰ ਘਰ ਛੱਡ ਕੇ ਜ਼ਮੀਨ ‘ਤੇ ਗਿਆ ਸੀ, ਜਿੱਥੇ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਕੁਝ ਲੋਕਾਂ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ। ਪਰਿਵਾਰ ਮੁਤਾਬਕ ਜਸਕਰਨ ਨੂੰ ਛਾਤੀ ‘ਚ ਗੋਲੀ ਲੱਗੀ ਅਤੇ ਦਾਤਰ ਨਾਲ ਵਾਰ ਕੀਤੇ ਗਏ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਉਹਨਾਂ ਦਾ ਇਕੱਲਾ ਪੁੱਤਰ ਸੀ, ਜਿਸ ਦੀ ਮੌਤ ਨਾਲ ਘਰ ਵਿੱਚ ਮਾਤਮ ਦਾ ਮਾਹੌਲ ਹੈ। ਉਹਨਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮਾਮਲੇ ‘ਚ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਾਮ ਲਗਭਗ 7:30 ਵਜੇ ਅਸਪਤਾਲ ਤੋਂ ਫ਼ੋਨ ‘ਤੇ ਸੂਚਨਾ ਮਿਲੀ ਸੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਸਤਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਤਲਾਸ਼ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਗ੍ਰਿਫਤਾਰੀ ਕੀਤੀ ਜਾਵੇਗੀ। ਇਸ ਦਰਦਨਾਕ ਘਟਨਾ ਤੋਂ ਬਾਅਦ ਸਾਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ 21 ਸਾਲਾ ਜਵਾਨ ਦੀ ਅਕਾਲ ਮੌਤ ‘ਤੇ ਸੋਗ ਮਨਾ ਰਹੇ ਹਨ।