‘ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਲਈ ਦੁਨੀਆਂ ਭਰ ‘ਚੋਂ 2.25 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਬੋਤਮ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ, ਮੋਹਰੀ ਸਕੂਲਾਂ ਨੂੰ ਵੀ ਮਿਲਣਗੇ ਸਨਮਾਨ: ਸਿੱਖਿਆ ਮੰਤਰੀ

‘More than 2.25 lakh students from all over the world registered for the 3rd International Punjabi Language Olympiad’

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੁਆਰਾ ਕਰਵਾਏ ਜਾ ਰਹੇ ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਵਿੱਚ ਵੱਡੇ ਪੱਧਰ ‘ਤੇ ਵਿਦਿਆਰਥੀਆਂ ਦੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਵੱਕਾਰੀ ਮੁਕਾਬਲੇ ਵਿੱਚ ਰਜਿਸਟ੍ਰੇਸ਼ਨ ਦਾ ਅੰਕੜਾ 2,25,916 ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨੂੰ ਮਿਲਿਆ ਹੁੰਗਾਰਾ ਕੌਮਾਂਤਰੀ ਪੱਧਰ ‘ਤੇ ਪੰਜਾਬੀ ਭਾਸ਼ਾ ਦੇ ਪਸਾਰੇ ਦਾ ਠੋਸ ਪ੍ਰਮਾਣ ਹੈ।

ਇਸ ਸਾਲ ਦਾ ਅੰਕੜਾ ਪਿਛਲੇ ਐਡੀਸ਼ਨਾਂ, ਜਿਨ੍ਹਾਂ ਵਿੱਚ ਕ੍ਰਮਵਾਰ 24,698 ਅਤੇ 6,689 ਰਜਿਸਟ੍ਰੇਸ਼ਨਾਂ ਹੋਈਆਂ ਸਨ, ਨਾਲੋਂ ਤਰੱਕੀ ਦੀ ਇੱਕ ਵੱਡੀ ਪੁਲਾਂਘ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਵਿੱਚ ਲਗਭਗ ਨੌਂ ਗੁਣਾ ਵਾਧਾ ਨੌਜਵਾਨਾਂ ਵਿੱਚ ਉਤਸ਼ਾਹ ਦੀ ਵੱਡੀ ਲਹਿਰ ਦਾ ਪ੍ਰਮਾਣ ਹੈ।

 

ਇਸ ਵੱਡੇ ਹੁੰਗਾਰੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਨੂੰ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੁਨੀਆ ਭਰ ਦੇ 2.25 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਪਣੀਆਂ ਭਾਸ਼ਾਈ ਜੜ੍ਹਾਂ ਨਾਲ ਜੁੜਦੇ ਦੇਖਣਾ ਸਾਡੀ ਸਰਕਾਰ ਲਈ ਇੱਕ ਸੁਪਨਾ ਸਾਕਾਰ ਹੋਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਮਿਲਿਆ ਭਾਰੀ ਹੁੰਗਾਰਾ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਵਿਸ਼ਵ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਸਾਡੀ ਵਿਆਪਕ ਅਤੇ ਟੀਚਾਗਤ ਪਹੁੰਚ ਦਾ ਸਪੱਸ਼ਟ ਪ੍ਰਮਾਣ ਹੈ।

ਹੁਨਰ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਹਰੇਕ ਸ਼੍ਰੇਣੀ (ਪ੍ਰਾਇਮਰੀ, ਮਿਡਲ, ਸੈਕੰਡਰੀ) ਵਿੱਚ ਪਹਿਲੇ 10 ਵਿਦਿਆਰਥੀਆਂ ਨੂੰ 11,000 ਰੁਪਏ (ਪਹਿਲਾ ਇਨਾਮ), 7,100 ਰੁਪਏ (ਦੂਜਾ ਇਨਾਮ) ਅਤੇ 5,100 ਰੁਪਏ (ਤੀਜਾ ਇਨਾਮ) ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾਗਤ ਪੱਧਰ 'ਤੇ ਮਿਆਰੀ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮੋਹਰੀ ਰਹਿਣ ਵਾਲੇ ਸਕੂਲਾਂ ਨੂੰ ਵੀ ਵਿਸ਼ੇਸ਼ ਪੁਰਸਕਾਰ ਅਤੇ ਮਾਨਤਾ ਦਿੱਤੀ ਜਾਵੇਗੀ।

ਸ. ਬੈਂਸ ਨੇ ਕਿਹਾ ਕਿ ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਇੱਕ ਮੁਕਾਬਲੇ ਤੋਂ ਵੱਧ ਹੈ, ਜੋ ਸਾਡੀ ਪਛਾਣ, ਸਾਡੀ ਮਾਂ ਬੋਲੀ ਅਤੇ ਸਾਡੀ ਵਿਰਾਸਤ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਭਾਸ਼ਾਈ ਹੁਨਰਾਂ ਦੀ ਪਰਖ ਨਹੀਂ ਕਰ ਰਹੇ ਹਾਂ ਬਲਕਿ ਅਸੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਭਵਿੱਖ ਦੇ ਰਖਵਾਲਿਆਂ ਨੂੰ ਤਿਆਰ ਕਰ ਰਹੇ ਹਾਂ। ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਓਲੰਪੀਆਡ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 31 ਅਕਤੂਬਰ ਨੂੰ ਸਮਾਪਤ ਹੋਈ ਸੀ। ਬਰਾਬਰੀ ਵਾਲੇ ਮਾਹੌਲ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਔਨਲਾਈਨ ਟੈਸਟਿੰਗ ਪੈਟਰਨ ਨਾਲ ਜਾਣੂ ਕਰਵਾਉਣ ਲਈ ਪੀਐਸਈਬੀ ਨੇ ਵੱਡੇ ਪੱਧਰ ਈ-ਬੁੱਕਸ ਪ੍ਰਦਾਨ ਕੀਤੀਆਂ ਅਤੇ 10, 11 ਅਤੇ 12 ਨਵੰਬਰ ਨੂੰ ਇੱਕ ਵਿਸ਼ੇਸ਼ ਮੌਕ ਟੈਸਟ ਵਿੰਡੋ ਦੀ ਸਹੂਲਤ ਦਿੱਤੀ। ਇਸ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ 1,35,784 ਵਿਦਿਆਰਥੀਆਂ ਨੇ ਸਰਗਰਮੀ ਨਾਲ ਪ੍ਰੈਕਟਿਸ ਟੈਸਟ ਵਿੱਚ ਹਿੱਸਾ ਦਿੱਤਾ। ਵਿਦਿਆਰਥੀਆਂ ਲਈ ਸਿੱਖਣ ਦੇ ਯਤਨਾਂ ਨੂੰ ਹੁਲਾਰਾ ਲਈ 15 ਅਤੇ 16 ਨਵੰਬਰ ਨੂੰ ਐਲੀਮੈਂਟਰੀ-ਪੱਧਰ ਦੇ ਵਿਦਿਆਰਥੀਆਂ ਲਈ ਪ੍ਰੈਕਟਿਸ ਪ੍ਰਿਖਿਆਵਾਂ ਦਾ ਇੱਕ ਹੋਰ ਰਾਊਂਡ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ  ਓਲੰਪੀਆਡ ਦੀ ਇਹ ਪਹਿਲਕਦਮੀ ਭਾਸ਼ਾਈ ਹੁਨਰ ਦੀ ਪਛਾਣ ਕਰਦਿਆਂ ਚੋਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ 5 ਦਸੰਬਰ (ਪ੍ਰਾਇਮਰੀ ਪੱਧਰ), 6 ਦਸੰਬਰ (ਮਿਡਲ) ਅਤੇ 8 ਦਸੰਬਰ (ਸੈਕੰਡਰੀ) ਨੂੰ ਔਨਲਾਈਨ ਟੈਸਟਾਂ ਨਾਲ ਸ਼ੁਰੂ ਹੋਵੇਗਾ। ਦੂਜਾ ਦੌਰ 15-16 ਦਸੰਬਰ ਨੂੰ ਹੋਵੇਗਾ, ਜਿਸਦੇ ਬਾਅਦ 23 ਦਸੰਬਰ, 2025 ਨੂੰ ਅੰਤਿਮ ਮੁਕਾਬਲਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁਕਾਬਲੇ ‘ਚ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ‘ਜ਼ਰੀਏ ਔਨਲਾਈਨ ਟੈਸਟਾਂ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਵੇਗੀ।