ਪੇਂਡੂ ਵਿਕਾਸ, ਸਹਿਕਾਰਤਾ, ਸੈਰ ਸਪਾਟਾ ਅਤੇ ਪੀ.ਆਈ.ਡੀ.ਬੀ. ਲਈ 566 ਕਰੋੜ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਤੁਰਤ ਅਮਲ

Captain Amrinder Singh

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਵਿੱਤ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ, ਮਾਲ, ਸਹਿਕਾਰਤਾ, ਸੈਰ-ਸਪਾਟਾ, ਭੌਂ ਤੇ ਜਲ ਸੰਭਾਲ ਵਿਭਾਗਾਂ ਤੋਂ ਇਲਾਵਾ ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ 565.99 ਕਰੋੜ ਰੁਪਏ ਜਾਰੀ ਕੀਤੇ ਹਨ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ 14ਵੇਂ ਵਿੱਤ ਕਮਿਸ਼ਨ ਗ੍ਰਾਂਟ ਤਹਿਤ ਵਿੱਤੀ ਵਰ੍ਹੇ 2016-17 ਲਈ ਮੁਢਲੀ ਗ੍ਰਾਂਟ ਅਤੇ ਕਾਰਗੁਜ਼ਾਰੀ ਗ੍ਰਾਂਟ ਦੀ ਦੂਜੀ ਕਿਸ਼ਤ ਦੇ ਸੰਦਰਭ ਵਿਚ ਕ੍ਰਮਵਾਰ 305.81 ਕਰੋੜ ਅਤੇ 80.23 ਕਰੋੜ ਰੁਪਏ ਦੇ ਫ਼ੰਡ ਜਾਰੀ ਕੀਤੇ ਹਨ। ਇਸੇ ਤਰ੍ਹਾਂ ਵਿੱਤ ਵਿਭਾਗ ਨੇ ਬਾਂਡਜ਼ ਦੀ ਮੁੜ ਖ਼ਰੀਦ ਲਈ ਪੀ.ਆਈ.ਡੀ.ਬੀ ਨੂੰ 100.80 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ।

ਇਸੇ ਦੌਰਾਨ ਨਾਬਾਰਡ ਤਹਿਤ ਭੌਂ ਤੇ ਜਲ ਸੰਭਾਲ ਵਿਭਾਗ ਦੇ ਸੋਧੇ ਹੋਏ ਪਾਣੀ ਦੀ ਮੁੜ ਵਰਤੋਂ ਅਤੇ ਸੂਖਮ ਸਿੰਜਾਈ ਸਮੇਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ 54.23 ਕਰੋੜ ਜਾਰੀ ਕੀਤੇ ਹਨ। ਕੌਮੀ ਸਹਿਕਾਰੀ ਵਿਕਾਸ ਨਿਗਮ ਰਾਹੀਂ ਭੋਗਪੁਰ ਕੋ-ਆਪ੍ਰੇਟਿਵ ਸ਼ੂਗਰ ਮਿੱਲ ਨੂੰ ਅਪਗ੍ਰੇਡ ਅਤੇ ਆਧੁਨਿਕੀਕਰਨ ਨੂੰ ਯਕੀਨੀ ਬਣਾਉਣ ਲਈ 6.96 ਕਰੋੜ ਰੁਪਏ ਜਾਰੀ ਕੀਤੇ ਹਨ।

ਸੈਰ ਸਪਾਟਾ ਲਈ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਪ੍ਰਾਪਤ ਬੁਨਿਆਦੀ ਢਾਂਚਾ ਵਿਕਾਸ ਨਿਵੇਸ਼ ਪ੍ਰੋਗਰਾਮ ਤਹਿਤ ਵੱਖ-ਵੱਖ ਸੈਰ-ਸਪਾਟਾ ਪ੍ਰਾਜਕਟਾਂ ਨੂੰ ਅਮਲ ਵਿਚ ਲਿਆਉਣ ਲਈ ਸੈਰ ਸਪਾਟਾ ਵਿਭਾਗ ਨੂੰ 5.96 ਕਰੋੜ ਰੁਪਏ ਦੇ ਫ਼ੰਡ ਅਲਾਟ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ  ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਅਤੇ ਨੰਬਰਦਾਰਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਲਈ ਕ੍ਰਮਵਾਰ 5 ਕਰੋੜ ਰੁਪਏ ਅਤੇ 7 ਕਰੋੜ ਰੁਪਏ ਜਾਰੀ ਕੀਤੇ ਗਏ ਹਨ।