17 ਦਿਨਾਂ 'ਚ 11ਪ੍ਰਦਰਸ਼ਨਕਾਰੀ ਕਿਸਾਨਾਂ ਨੇ ਤੋੜਿਆ ਦਮਫਿਰ ਵੀ ਨਹੀਂਪਸੀਜਿਆ ਮੋਦੀ ਦਾਦਿਲ ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

17 ਦਿਨਾਂ 'ਚ 11 ਪ੍ਰਦਰਸ਼ਨਕਾਰੀ ਕਿਸਾਨਾਂ ਨੇ ਤੋੜਿਆ ਦਮ, ਫਿਰ ਵੀ ਨਹੀਂ ਪਸੀਜਿਆ ਮੋਦੀ ਦਾ ਦਿਲ : ਰਾਹੁਲ ਗਾਂਧੀ

image

ਨਵੀਂ ਦਿੱਲੀ, 12 ਦਸੰਬਰ : ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁਧ ਲਗਾਤਾਰ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ, ਜਦਕਿ ਸਰਕਾਰ ਵੀ ਪਿੱਛੇ ਹੱਟਣ ਦੇ ਮੂਡ ਵਿਚ ਨਹੀਂ ਲਗਦੀ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 17ਵੇਂ ਦਿਨ ਵੀ ਜਾਰੀ ਹੈ। ਇਸੇ ਵਿਚਾਲੇ ਕਾਂਗਰਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਦਿਨਾਂ 'ਚ 11 ਕਿਸਾਨਾਂ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਦਾ ਦਿਲ ਨਹੀਂ ਪਸੀਜਿਆ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ, “''ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਲਈ ਸਾਡੇ ਕਿਸਾਨ ਭਰਾਵਾਂ ਨੂੰ ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ?''”
ਉੱਥੇ ਹੀ ਦੂਜੇ ਪਾਸੇ ਇਸੇ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਦਾਅਵਾ ਕੀਤਾ, ''ਪਿਛਲੇ 17 ਦਿਨਾਂ 'ਚ 11 ਕਿਸਾਨ ਭਰਾਵਾਂ ਦੀ ਸ਼ਹਾਦਤ ਦੇ ਬਾਵਜੂਦ ਤਾਨਾਸ਼ਾਹ ਮੋਦੀ ਸਰਕਾਰ ਦਾ ਦਿਲ ਨਹੀਂ ਪਸੀਜਿਆ। ਸਰਕਾਰ ਅਜੇ ਵੀ ਅੰਨਦਾਤਿਆਂ ਨਾਲ ਨਹੀਂ, ਅਪਣੇ ਧੰਨਦਾਤਿਆਂ ਨਾਲ ਕਿਉਂ ਖੜੀ ਹੈ? ਦੇਸ਼ ਜਾਣਨਾ ਚਾਹੁੰਦਾ ਹੈ- 'ਰਾਜਧਰਮ' ਵੱਡਾ ਹੈ ਜਾਂ 'ਰਾਜਹਠ'?” (ਪੀਟੀਆਈ)