ਬੀਕੇਯੂ ਉਗਰਾਹਾਂ ਵਲੋਂ ਭਾਜਪਾ ਹਕੂਮਤ ਦੀਆਂ ਭੜਕਾਊ ਚਾਲਾਂ ਨੂੰ ਪਛਾੜਨ ਦਾ ਸੱਦਾ
ਬੀਕੇਯੂ ਉਗਰਾਹਾਂ ਵਲੋਂ ਭਾਜਪਾ ਹਕੂਮਤ ਦੀਆਂ ਭੜਕਾਊ ਚਾਲਾਂ ਨੂੰ ਪਛਾੜਨ ਦਾ ਸੱਦਾ
16 ਦਸੰਬਰ ਨੂੰ ਖ਼ੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਪਰਵਾਰ ਪੁੱਜਣਗੇ ਦਿੱਲੀ
ਨਵੀਂ ਦਿੱਲੀ, 12 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਭਾਜਪਾ ਹਕੂਮਤ ਦੀਆਂ ਭੜਕਾਊ ਤੇ ਪਾਟਕਪਾਊ ਚਾਲਾਂ ਨੂੰ ਜ਼ੋਰ ਨਾਲ ਪਛਾੜਨ ਉਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿਤਾ ਹੈ। ਟਿਕਰੀ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ ਦੇ ਅੱਜ 17ਵੇਂ ਦਿਨ ਵੱਖ ਵੱਖ ਸੱਤ ਸਟੇਜਾਂ ਵਿਚੋ 4 ਸਟੇਜਾਂ ਉਤੇ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ ਉਤੇ ਸੰਬੋਧਨ ਕੀਤਾ ਤੇ ਸੰਘਰਸ਼ ਦੇ ਇਸ ਅਹਿਮ ਪੜਾਅ ਬਾਰੇ ਲੋਕਾਂ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਕਾਨੂੰਨਾਂ ਵਿਚ ਨਿਗੂਣੀਆਂ ਸੋਧਾਂ ਕਰਨ ਦੀ ਤਜਵੀਜ਼ ਪੇਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਕਿਸਾਨ ਸੰਘਰਸ਼ ਬਾਰੇ ਭੜਕਾਊ ਪ੍ਰਚਾਰ ਕਰ ਰਹੀ ਹੈ। ਅਪਣੇ ਵਿਕਾਊ ਮੀਡੀਆ ਚੈਨਲਾਂ ਨੂੰ ਸੰਘਰਸ਼ ਬਾਰੇ ਗੁੰਮਰਾਹਕੁੰਨ ਪ੍ਰਚਾਰ ਲਈ ਝੋਕ ਦਿਤਾ ਹੈ। ਉਨ੍ਹਾਂ ਵਲੋਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਨ ਨੂੰ ਨਕਸਲੀਆਂ ਦੀ ਘੁਸਪੈਠ ਕਿਹਾ ਜਾ ਰਿਹਾ ਹੈ, ਕਦੇ ਇਸ ਨੂੰ ਖ਼ਾਲਿਸਤਾਨੀਆਂ ਦੇ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਜੈਪੁਰ ਹਾਈਵੇ ਰੋਕਣ ਦੇ ਐਕਸ਼ਨ ਨਾਲ ਹਿੰਸਾ ਹੋਣ ਦੇ ਖ਼ਤਰੇ ਦਾ ਭਰਮ ਪੈਦਾ ਕੀਤਾ ਜਾ ਰਿਹਾ ਹੈ। ਭਰਮਾਊ ਪ੍ਰਚਾਰ ਦਾ ਭਾਜਪਾ ਵਲੋਂ ਇਹ ਪਰਖਿਆ ਪਰਤਿਆਇਆ ਹਥਿਆਰ ਹੈ ਜਿਸ ਨੂੰ ਸੰਘਰਸ਼ ਅੰਦਰ ਡਟੇ ਕਿਸਾਨ ਸਭਨਾਂ ਕਿਰਤੀ ਵਰਗਾਂ ਦੇ ਸਹਿਯੋਗ ਨਾਲ ਫ਼ੇਲ੍ਹ ਕਰਨਗੇ। ਇਹ ਭੜਕਾਊ ਪ੍ਰਚਾਰ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਅ ਹੇਠ ਲਿਆ ਕੇ ਸੋਧਾਂ ਦੀ ਤਜਵੀਜ਼ ਮਨਜ਼ੂਰ ਕਰਨ ਖ਼ਾਤਰ ਹੈ। ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ 16 ਦਸੰਬਰ ਨੂੰ ਪੰਜਾਬ ਭਰ ਵਿਚੋਂ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਵਾਰਕ ਮੈਂਬਰ ਟਿਕਰੀ ਬਾਰਡਰ ਉਤੇ ਲੱਗੇ ਮੋਰਚੇ ਵਿਚ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰਨਗੇ ਤੇ ਦੇਸ਼ ਦੁਨੀਆਂ ਸਾਹਮਣੇ ਪੰਜਾਬ ਦੇ ਖੇਤੀ ਸੰਕਟ ਦਾ ਦਰਦ ਦੱਸਣਗੇ।