ਸਰਕਾਰ ਸਾਜ਼ਿਸ਼ਾਂ ਰਚਣ 'ਚ ਮਾਹਿਰ ਪਰ ਅਸੀਂ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ-ਜਗਜੀਤ ਸਿੰਘ ਡੱਲੇਵਾਲ
ਅੰਦੋਲਨ ਵਿਚ 70% ਨੌਜਵਾਨ
ਨਵੀਂ ਦਿੱਲੀ: (ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ।
ਜਗਜੀਤ ਸਿੰਘ ਡੱਲੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਘਰਸ਼ ਨੂੰ ਲੰਮਾ ਖਿੱਚਣ ਦੀ ਸਰਕਾਰ ਦੀ ਜੋ ਕੋਸ਼ਿਸ਼ ਹੈ ਉਸ ਵਿਚੋਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਨ ਪਹਿਲੀ ਸਾਰੀ ਦੁਨੀਆ ਇਸ ਗੱਲ ਤੋਂ ਜਾਣੂ ਹੈ ਕਿ ਇਹ ਸਰਕਾਰ ਸਾਜ਼ਿਸ਼ਾਂ ਰਚਣ ਵਿਚ ਮਾਹਿਰ ਹੈ। ਜੋ ਵੀ ਇਹਨਾਂ ਦੇ ਖਿਲਾਫ ਬੋਲਦਾ ਹੈ ਜਾਂ ਇਹਨਾਂ ਦੇ ਖਿਲਾਫ ਜਾਂਦਾ ਹੈ ਉਸਨੂੰ ਇਹਨਾਂ ਨੇ ਦੇਸ਼ ਧ੍ਰੋਹੀ ਦਾ ਫਤਵਾ ਦੇ ਦੇਣਾ ਹੈ।
ਉਸਨੂੰ ਪਾਕਿਸਤਾਨੀ ਕਹਿ ਦੇਣਾ ਜਾਂ ਇਹ ਚੀਨ ਦੇ ਲੋਕ ਹਨ। ਦੂਜਾ ਇਹਨਾਂ ਨੇ ਆਪਣੀਆਂ ਸਾਜ਼ਿਸਾਂ ਰਚਣ ਦੇ ਬਹੁਤ ਯਤਨ ਕੀਤੇ ਅਤੇ ਕਿਹਾ ਕਿ ਇਹ ਅੰਦੋਲਨ ਇਕੱਲੇ ਪੰਜਾਬ ਦੇ ਲੋਕਾਂ ਦਾ ਹੈ ਇਸ ਵਿਚ ਹੋਰ ਕਿਸੇ ਵੀ ਰਾਜ ਦੇ ਲੋਕ ਸਾਮਲ ਨਹੀਂ ਹਨ। ਹੁਣ ਵੀ ਸਰਕਾਰ ਇਸ ਗੱਲ ਤੇ ਜ਼ੋਰ ਲਾ ਰਹੀ ਹੈ ਕਿ ਇਹ ਅੰਦੋਲਨ ਕੇਵਲ ਪੰਜਾਬ ਦੇ ਲੋਕਾਂ ਦਾ ਹੈ ਪਰ ਇਸ ਅੰਦੋਲਨ ਵਿਚ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਦੇ ਕਿਸਾਨ ਵੀ ਸ਼ਾਮਲ ਹਨ। ਸਰਕਾਰ ਨੇ ਇੱਕ ਹੋਰ ਚਾਲ ਚੱਲਣੀ ਸ਼ੁਰੂ ਕਰ ਦਿੱਤਾ ਹੈ ਕਦੇ ਸਰਕਾਰ ਕਹਿੰਦੀ ਹੈ ਕਿ ਇਹ ਖਾਲਿਸਤਾਨੀ ਨੇ, ਕਦੇ ਦੂਜੀਆਂ ਧਿਰਾਂ ਨੂੰ ਲਿਫਟਿਸ ਕਹਿੰਦੀ ਹੈ।
ਡੱਲੇਵਾਲ ਨੇ ਕਿਹਾ ਕਿ ਜਿੰਨ੍ਹੀ ਵਾਰ ਵੀ ਖੇਤੀਬਾੜੀ ਮੰਤਰੀ ਨਾਲ, ਗ੍ਰਹਿ ਮੰਤਰੀ ਨਾਲ ਜਿੰਮੇ ਵਾਰ ਵੀ ਵਿਚਾਰ ਵਟਾਂਦਰੇ ਹੋਏ ਹਰ ਵਾਰ ਸਾਡਾ ਧੁਰਾ ਜਾਂ ਸਾਡਾ ਫੋਕਸ ਉਹ ਹੈ ਕਾਲੇ ਕਾਨੂੰਨ ਰੱਦ ਕਰਵਾਉਣੇ ਅਤੇ ਐਮਐਸਪੀ। ਉਹਨਾਂ ਕਿਹਾ ਕਿ ਸਰਕਾਰ ਜਾਣਬੁੱਝ ਕਿ ਇਸ ਅੰਦੋਲਨ ਨੂੰ ਲੰਮਾ ਖਿੱਚ ਕੇ ਸ਼ਾਜਿਸ਼ ਰਚਣ ਨੂੰ ਫਿਰ ਰਹੀ ਹੈ ਪਰ ਵਾਹਿਗੁਰੂ ਦੀ ਕਿਰਪਾ ਹੈ ਉਹ ਸਰਕਾਰ ਦੀਆਂ ਸਾਜ਼ਿਸ ਨੂੰ ਕਾਮਯਾਬ ਨਹੀਂ ਹੋਣ ਦੇ ਰਿਹਾ। ਇਕ ਗੱਲ ਹੋਰ ਜੋ ਬਹੁਤ ਵੱਡੀ ਹੈ ਉਹ ਹੈ ਇਸ ਅੰਦੋਲਨ ਵਿਚ ਨੌਜਵਾਨਾਂ ਦਾ ਹੋਣਾ।
ਅੱਜ ਇਸ ਅੰਦੋਲਨ ਵਿਚ 70% ਨੌਜਵਾਨ ਹਨ ,ਅਸੀਂ ਇਹ ਹੀ ਕਹਿੰਦੇ ਹੁੰਦੇ ਸੀ ਕਿ ਵੀ ਇਕੱਲੇ ਬਜ਼ੁਰਗ ਬੈਠੇ ਹਾਂ ਪਰ ਨਹੀਂ ਇਸ ਅੰਦੋਲਨ ਵਿਚ 70% ਨੌਜਵਾਨ ਹਨ। ਅਸੀਂ ਇਸ ਅੰਦੋਲਨ ਨੂੰ ਲੈ ਕੇ ਇਕ ਗੱਲ ਲੈ ਕੇ ਚੱਲੇ ਹਾਂ ਵੀ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਲੈ ਕੇ ਚੱਲਣਾ ਹੈ ਸਾਨੂੰ ਪਤਾ ਸਰਕਾਰ ਹਿੰਸਕ ਰੂਪ ਦੇ ਕੇ ਇਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕਰੇਗੀ ਪਰ ਅਸੀਂ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ।
ਉਹਨਾਂ ਕਿਹਾ ਕਿ ਅਸੀਂ ਦੇਵਤੇ ਦੀ ਲੜਾਈ ਲੜ ਰਹੇ ਹਾਂ ਜੋ ਲੋਕ ਭੋਲੇ ਨੇ, ਗਰੀਬ ਨੇ ਜਿਹਨਾਂ ਦਾ ਕੋਈ ਸਹਾਰਾ ਨਹੀਂ,ਅਸੀਂ ਉਹਨਾਂ ਦੀ ਜ਼ਮੀਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ। ਸਰਕਾਰ ਦਾ ਵਾਰ ਵਾਰ ਇਹ ਯਤਨ ਰਿਹਾ ਹੈ ਕਿ 5 ਬੰਦੇ ਆ ਜਾਓ ਗੱਲ ਕਰਦੇ ਹਾਂ ਤੁਸੀਂ ਛੋਟੀ ਕਮੇਟੀ ਬਣਾ ਲਓ, ਹੁਣ ਜਿੱਥੇ 500 ਕਿਸਾਨ ਸੰਗਠਨਾਂ ਨਾਲ ਲੜ ਕੇ ਲੜਾਈ ਲੜ ਰਹੇ ਹਾਂ ਉਥੇ 5 ਬੰਦੇ ਕਿਵੇਂ ਫੈਸਲਾ ਲੈ ਲੈਣ।
500 ਬੰਦਿਆਂ ਦਾ ਜਾਣਾ ਵੀ ਔਖਾ ਹੈ। ਇਸ ਲਈ ਅਸੀਂ ਬਹੁਤ ਮੁਸ਼ਕਿਲ ਨਾਲ 500 ਸੰਗਠਨਾਂ ਵਿਚੋਂ ਘਟਾ ਕੇ 40 ਬੰਦਿਆਂ ਦੇ ਸੰਗਠਨ ਤੇ ਲੈ ਕੇ ਆਏ ਹਾਂ ਵੀ ਇਹ 40 ਬੰਦੇ ਬੈਠ ਕੇ ਗੱਲ ਕਰਨਗੇ ਪਰ ਸਰਕਾਰ ਉਸਨੂੰ ਵੀ ਘਟਾਉਣ ਨੂੰ ਫਿਰਦੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਵਕੀਲਾਂ ਦਾ ਸਮਰੱਥਨ ਮਿਲਿਆ, ਦਿੱਲੀ ਦੇ ਡਾਕਟਰਾਂ ਦਾ ਸਮਰਥਨ ਮਿਲਿਆ,ਆਮ ਜਨਤਾ ਦਾ ਸਾਥ ਮਿਲਿਆ। ਚੰਡੀਗੜ੍ਹ ਦੇ ਪੱਤਰਕਾਰਾਂ ਨੇ ਰੈਲੀਆਂ ਕਰ ਕੇ ਸਾਡਾ ਸਮਰਥਨ ਕੀਤਾ । 7 ਸਮੁੰਦਰ ਤੋਂ ਪਾਰ ਵੀ ਸਾਥ ਮਿਲ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿਸੇ ਵੱਲ ਨਾ ਵੇਖੋ ਆਪਣਾ ਵੱਧ ਤੋਂ ਵੱਧ ਸਮਰਥਨ ਕਰੋ।