ਨਕਲੀ ਸ਼ਰਾਬ ਦੀ ਫੈਕਟਰੀ ਫੜਨ ਤੋਂ ਬਾਅਦ ਐਕਸ਼ਨ 'ਚ ਪੁਲਿਸ, 210 ਲੀਟਰ ਲਾਹਣ ਬਰਾਮਦ 

ਏਜੰਸੀ

ਖ਼ਬਰਾਂ, ਪੰਜਾਬ

ਜਿਹੜੇ ਵੀ ਅਧਿਕਾਰੀ ਦੇ ਇਲਾਕੇ 'ਚ ਸ਼ਰਾਬ ਦਾ ਕਾਰੋਬਾਰ ਹੁੰਦਾ ਮਿਲਿਆ ਤਾਂ ਉਸ ਦੇ ਲਈ ਖ਼ੁਦ ਅਧਿਕਾਰੀ ਜ਼ਿੰਮੇਵਾਰ ਹੋਵੇਗਾ।

Police seize 210 liters of counterfeit liquor

ਚੰਡੀਗੜ੍ਹ - ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਰਾਜਪੁਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਤੋਂ ਬਾਅਦ ਐੱਸ.ਐਸ.ਪੀ. ਵਿਕਰਮਜੀਤ ਦੁਗਲ ਫਿਰ ਤੋਂ ਐਕਸ਼ਨ ਵਿਚ ਹਨ। ਉਨ੍ਹਾਂ ਵਲੋਂ ਸਾਫ ਤੌਰ 'ਤੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਜਿਹੜੇ ਵੀ ਅਧਿਕਾਰੀ ਦੇ ਇਲਾਕੇ 'ਚ ਸ਼ਰਾਬ ਦਾ ਕਾਰੋਬਾਰ ਹੁੰਦਾ ਮਿਲਿਆ ਤਾਂ ਉਸ ਦੇ ਲਈ ਖ਼ੁਦ ਅਧਿਕਾਰੀ ਜ਼ਿੰਮੇਵਾਰ ਹੋਵੇਗਾ।

ਐੱਸ.ਐੱਸ.ਪੀ. ਦੀਆਂ ਹਦਾਇਤਾਂ ਤੋਂ ਬਾਅਦ ਅੱਜ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਐੱਸ.ਐੱਚ.ਓ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਦੋ ਦਰਜਨ ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨਾਲ ਪਿੰਡ ਸ਼ੰਕਰਪੁਰ ਵਿਖੇ ਰੇਡ ਕੀਤੀ ਗਈ ਅਤੇ ਇੱਥੋਂ 210 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਇਸ ਮਾਮਲੇ 'ਚ ਪੁਲਿਸ ਨੇ ਘਰ ਦੀ ਮਾਲਕਣ ਪਰਮੇਸ਼ਵਰੀ ਪਤਨੀ ਜਰਨੈਲ ਸਿੰਘ ਵਾਸੀ ਪਿੰਡ ਸ਼ੰਕਰਪੁਰ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।

ਐੱਸ.ਐੱਚ.ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਅਤੇ ਡੀ.ਐੱਸ.ਪੀ. ਅਜੇਪਾਲ ਸਿੰਘ ਦੇ ਨਿਰਦੇਸ਼ਾਂ 'ਤੇ ਅੱਜ ਸਵੇਰੇ 35 ਮੁਲਾਜਮਾਂ ਸਮੇਤ ਪਿੰਡ ਸ਼ੰਕਰਪੁਰ ਵਿਖੇ ਰੇਡ ਕੀਤੀ ਗਈ ਅਤੇ 210 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਨੇੜੇ-ਤੇੜੇ ਦੇ ਇਲਾਕੇ ਵਿਚ ਵੀ ਸਰਚ ਮੁਹਿੰਮ ਚਲਾਇਆ ਗਿਆ। ਇਸ ਆਪਰੇਸ਼ਨ 'ਤੇ ਕਈ ਥਾਵਾਂ 'ਤੇ ਚੈਕਿੰਗ ਕੀਤੀ ਗਈ।

ਇਸੇ ਤਰ੍ਹਾਂ ਪਿੰਡ ਕੋਲੀ 'ਚ ਕਈ ਥਾਵਾਂ 'ਤੇ ਚੈਕਿੰਗ ਕੀਤੀ ਗਈ। ਐੱਸ.ਐੱਚ.ਓ. ਬਾਜਵਾ ਨੇ ਦੱਸਿਆ ਕਿ ਇਹ ਸਰਚ ਮੁਹਿੰਮ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਇਲਾਕੇ 'ਚ ਅਜਿਹੀ ਕੋਈ ਗਤੀਵਿਧੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੇ ਨਾਲ ਬਹਾਦਰਗੜ੍ਹ ਚੌਂਕੀ ਦੇ ਇੰਚਾਰਜ ਐੱਸ.ਆਈ. ਮਨਜੀਤ ਸਿੰਘ ਵੀ ਸਨ। ਓਧਰ ਥਾਣਾ ਖੇੜੀ ਗੰਢਿਆ ਦੀ ਪੁਲਿਸ ਵੱਲੋਂ ਐੱਸ.ਐੱਚ.ਓ. ਇੰਸ: ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਫੈਕਟਰੀਆਂ ਦੀ ਚੈਕਿੰਗ ਕੀਤੀ ਗਈ। ਖ਼ਾਸ ਤੌਰ 'ਤੇ ਖਾਲੀ ਪਈਆਂ ਬਿਲਡਿੰਗਾਂ ਦੀ ਚੈਕਿੰਗ ਕੀਤੀ ਗਈ।

ਇੰਸ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖਾਸ ਤੌਰ 'ਤੇ ਬੰਦ ਫੈਕਟਰੀ ਦੀਆਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਵੱਲੋਂ ਵੱਖ ਵੱਖ ਪਾਰਟੀਆਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਮਈ ਮਹੀਨੇ ਵਿਚ ਹਲਕਾ ਘਨੌਰ ਵਿਚ ਬੰਦ ਪਈ ਫੈਕਟਰੀ ਵਿਚ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਅਤੇ ਹੁਣ ਵੀ ਫੈਕਟਰੀ ਫੜੀ ਗਈ ਹੈ।