ਦੋ ਹੋਰ ਪੰਜਾਬੀ ਨੌਜਵਾਨ ਜੋਧ ਸਿੰਘ ਅਤੇ ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ
ਦੋ ਹੋਰ ਪੰਜਾਬੀ ਨੌਜਵਾਨ ਜੋਧ ਸਿੰਘ ਅਤੇ ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ
ਜਲੰਧਰ ਅਤੇ ਨਵਾਂ ਸ਼ਹਿਰ ਦੇ ਜੰਮਪਲ ਹਨ ਇਹ ਨੌਜਵਾਨ
ਆਕਲੈਂਡ, 12 ਦਸੰਬਰ (ਹਰਜਿੰਦਰ ਸਿੰਘ ਬਸਿਆਲਾ) : ਦੁਨੀਆ ਦੇ ਵੱਖ-ਵੱਖ ਮੁਲਕਾਂ ਦੀ ਪੁਲਿਸ ਦਾ ਇਕ ਮਾਟੋ (ਆਦਰਸ਼) ਹੁੰਦਾ ਹੈ ਅਤੇ ਵਿਭਾਗ ਉਸ ਉਤੇ ਅਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦਾ ਹੈ। ਭਾਰਤ ਵਿਚ ਪੁਲਿਸ ਦਾ ਮਾਟੋ ਹੈ 'ਸਤਿਯਮੇਵ ਜਾਯਤੇ' ਮਤਲਬ ਕਿ ਸੱਚ ਇਕਲਾ ਹੀ ਜਿੱਤ ਜਾਂਦਾ ਹੈ, ਇਸੀ ਤਰ੍ਹਾਂ ਪੰਜਾਬ ਪੁਲਿਸ ਦਾ ਮਾਟੋ ਹੈ 'ਸ਼ੁਭ ਕਰਮਨ ਤੇ ਕਬਹੁੰ ਨਾ ਟਰੋਂ' ਮਤਲਬ ਮੈਂ ਸ਼ੁਭ ਕਰਮ ਕਰਨ ਤੋਂ ਕਦੇ ਵੀ ਪਿੱਛੇ ਨਾ ਹਟਾਂ। ਇਸੀ ਤਰ੍ਹਾਂ ਜੇਕਰ ਨਿਊਜ਼ੀਲੈਂਡ ਪੁਲਿਸ ਦਾ ਮਾਟੋ ਵੇਖਿਆ ਜਾਵੇ ਤਾਂ ਉਹ ਹੈ 'ਸੇਫਰ ਕਮਿਊਨਿਟੀਜ਼ ਟੂਗੈਦਰ' ਮਤਲਬ ਕਿ ਰਲ ਕੇ ਕਮਿਊਨਿਟੀ ਨੂੰ ਸੁਰੱਖਿਅਤ ਕਰੀਏ।
ਇਨ੍ਹਾਂ ਦੇ ਮੁਲਕਾਂ ਵਿਚ ਪੜ੍ਹਨ ਆਉਣਾ, ਪਾਸ ਹੋਣਾ, ਛੋਟੀਆਂ ਨੌਕਰੀਆਂ ਤੋਂ ਸ਼ੁਰੂ ਕਰਨਾ ਅਤੇ ਪੁਲਿਸ ਅਫ਼ਸਰ ਬਨਣ ਤਕ ਦਾ ਸਫ਼ਰ ਤੈਅ ਕਰਨਾ ਅਪਣੇ-ਆਪ ਵਿਚ ਇਕ ਪ੍ਰਾਪਤੀ ਹੈ। ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਦੋ ਹੋਰ ਪੰਜਾਬੀ ਨੌਜਵਾਨ ਸ. ਜੋਧ ਸਿੰਘ ਅਤੇ ਸ. ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋ ਗਏ ਹਨ।
ਇਹ ਹਨ ਸ. ਜੋਧ ਸਿੰਘ: ਪਿੰਡ ਧੀਣਾ ਜ਼ਿਲ੍ਹਾ ਜਲੰਧਰ ਦਾ ਜੰਮਪਲ, ਅਪਣੇ ਮਾਪਿਆਂ ਸ. ਹਰਭਜਨ ਸਿੰਘ ਅਤੇ ਸ਼੍ਰੀਮਤੀ ਦਲਵੀਰ ਕੌਰ ਦਾ ਇਹ ਹੋਣਹਾਰ ਪੁੱਤਰ ਸਾਲ 2009 ਵਿਚ ਇਥੇ ਪੜ੍ਹਨ ਆਇਆ ਸੀ। ਬਿਜ਼ਨਸ ਲੈਵਲ-7 ਦੀ ਪੜ੍ਹਾਈ ਪੂਰੀ ਕੀਤੀ, ਕੁਨਿਊਨਿਟੀ ਸੁਪੋਰਟ ਵਰਕਰ ਦੀ ਨੌਕਰੀ ਕੀਤੀ ਪਰ ਪੁਲਿਸ ਵਿਚ ਜਾਣ ਦਾ ਇਕ ਸੁਪਨਾ ਸੀ ਜਿਸ ਨੂੰ ਉਸ ਨੇ ਪੱਕੇ ਹੋਣ ਬਾਅਦ ਕਰ ਲਿਆ। ਤਿੰਨ ਵਾਰ ਇਸ ਨੌਜਵਾਨ ਦੀ ਰੈਜੀਡੈਂਸੀ ਲੱਗਣ ਤੋਂ ਜਵਾਬ ਮਿਲਿਆ ਪਰ ਹਾਰ ਨਹੀਂ ਮੰਨੀ, ਕੋਰਟ ਕਚਹਿਰੀ ਤਕ ਗਿਆ ਆਖਿਰ ਪੱਕੀ ਰੈਜੀਡੈਂਸੀ ਲੈ ਲਈ। ਪੁਲਿਸ ਦੇ ਟ੍ਰੇਨਿੰਗ ਵਿੰਗ 342 ਦੇ ਵਿਚ ਇਸ ਨੇ ਪਾਸਿੰਗ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਨੌਜਵਾਨ ਕਾਊਂਟੀਜ਼ ਮੈਨੁਕਾਓ ਪੁਲਿਸ ਖੇਤਰ ਵਿਚ ਦਸਤਾਰਧਾਰੀ ਪੁਲਿਸ ਅਫ਼ਸਰ ਵਜੋਂ ਨੀਲੀ ਵਰਦੀ ਦੇ ਵਿਚ ਨੌਕਰੀ ਕਰਦਾ ਨਜ਼ਰ ਆਵੇਗਾ। ਇਸ ਵੇਲੇ ਇਹ ਨੌਜਵਾਨ ਅਪਣੀ ਧਰਮਪਤਨੀ ਅਤੇ 5 ਮਹੀਨਿਆਂ ਦੀ ਬੱਚੀ ਨਾਲ ਇਥੇ ਵਧੀਆ ਜ਼ਿੰਦਗੀ ਜੀਅ ਰਿਹਾ ਹੈ। ਇਸ ਦੇ ਪਿਤਾ ਵੀ ਸੇਵਾਮੁਕਤ ਫ਼ੌਜੀ ਅਧਿਕਾਰੀ ਹਨ।
ਇਹ ਹਨ ਗੁਰਦੀਪ ਸਿੰਘ: ਪਿੰਡ ਸਜਾਵਲਪੁਰ ਜ਼ਿਲ੍ਹਾ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦਾ ਜੰਮਪਲ ਅਤੇ ਮਾਪਿਆਂ ਸ. ਕਰਮ ਸਿੰਘ ਅਤੇ ਸ਼੍ਰੀਮਤੀ ਪਰਮਜੀਤ ਕੌਰ ਦਾ ਇਹ ਹੋਣਹਾਰ ਪੁੱਤਰ 2011 ਵਿਚ ਇਥੇ ਪੜ੍ਹਨ ਆਇਆ ਸੀ। ਬਿਜਨਸ ਲੈਵਲ 5-6 ਦੀ ਪੜ੍ਹਾਈ ਬਾਅਦ ਇਸ ਨੇ ਵੀ ਜਿਥੇ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ ਉਥੇ ਏਅਰਕੋਨ ਅਤੇ ਰੈਫ਼ਰੀਜਰੇਟਰ ਦੀ ਹੋਰ ਪੜ੍ਹਾਈ ਕਰਨੀ ਸ਼ੁਰੂ ਕਰ ਦਿਤੀ। ਪੜ੍ਹਾਈ ਦੇ ਨਾਲੋ-ਨਾਲ ਇਸ ਨੇ ਪੁਲਿਸ ਦੇ ਵਿਚ ਜਾਣ ਦਾ ਮਨ ਬਣਾਇਆ ਹੋਇਆ ਸੀ ਅਤੇ ਨਾਲੋ-ਨਾਲ ਇਸਦੀ ਤਿਆਰੀ ਕਰਦਾ ਰਿਹਾ। ਪੁਲਿਸ ਵਿਚ ਇਸਨੇ ਅਪਣੀ ਅਰਜ਼ੀ ਦਿਤੀ ਅਤੇ ਟ੍ਰੇਨਿੰਗ ਹੋਣ ਉਪਰੰਤ ਇਸ ਨੌਜਵਾਨ ਨੇ ਵੀ ਪਿਛਲੇ ਦਿਨੀਂ ਪਾਸਿੰਗ ਪ੍ਰੇਡ ਰਾਹੀਂ ਸਫਲਤਾ ਪ੍ਰਾਪਤ ਕਰਨ ਲਈ। ਇਹ ਨੌਜਵਾਨ ਵੀ ਅਗਲੇ ਕੁਝ ਦਿਨਾਂ ਦੇ ਵਿਚ ਮੈਨੁਕਾਓ ਪੁਲਿਸ ਖੇਤਰ ਵਿਚ ਨੌਕਰੀ ਕਰਦਾ ਨਜ਼ਰ ਆਵੇਗਾ।