ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਕਿਸਾਨ,ਇਤਿਹਾਸਤਕ ਜਿੱਤ ਲਈ ਵਾਹਿਗੁਰੂ ਦਾ ਕਰਨਗੇ ਸ਼ੁਕਰਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਮੰਦਰ ਸਾਹਿਬ ‘ਚ ਅਰਦਾਸ ਉਪਰੰਤ ਕਿਸਾਨ ਆਗੂਆਂ ਨੂੰ ਕੀਤਾ ਜਾਵੇਗਾ ਸਨਮਾਨਿਤ

Photo

 

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨਾਂ ਦੀ ਵਾਪਸੀ ਦਾ ਸਿਲਸਿਲਾ ਜਾਰੀ ਹੈ। ਪਿਛਲੇ ਇੱਕ ਸਾਲ ਤੋਂ ਆਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨ ਹੁਣ ਪੂਰੇ ਜਸ਼ਨਾਂ ਨਾਲ ਪੰਜਾਬ ਪਰਤ ਰਹੇ ਹਨ।

 

 

ਇਸ ਦੇ ਨਾਲ ਹੀ ਸਿੰਘੂ ਬਾਰਡਰ ਤੋਂ ਚੱਲਿਆ ਕਿਸਾਨਾਂ ਦਾ ਪਹਿਲਾ ਜੱਥਾ ਅੱਜ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਰਿਹਾ ਹੈ। ਇਹ ਜੱਥਾ ਕੱਲ੍ਹ ਸ਼ਾਮ ਜਲੰਧਰ ਪਹੁੰਚ ਗਿਆ ਸੀ ਅਤੇ ਇਸ ਜੱਥੇ ਨੇ ਰਾਤ ਕਰਤਾਰਪੁਰ ਵਿੱਚ ਗੁਜ਼ਾਰੀ। ਜੱਥੇ ਦਾ ਸਵਾਗਤ ਗੋਲਡਨ ਗੇਟ ਵਿਖੇ ਕੀਤਾ ਜਾਵੇਗਾ। 15 ਦਸੰਬਰ ਤੱਕ ਸਾਰੇ ਜੱਥੇ ਅੰਮ੍ਰਿਤਸਰ ਪਹੁੰਚ ਜਾਣਗੇ।

 

ਇਸ ਤੋਂ ਬਾਅਦ ਸਾਰੀਆਂ ਕਿਸਾਨ ਜੱਥੇਬੰਦੀਆਂ ਇਕੱਠੇ ਹੋ ਕੇ ਹਰਿਮੰਦਰ ਸਾਹਿਬ ਲਈ ਰਵਾਨਾ ਹੋਣਗੀਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕਿਸਾਨਾਂ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ। ਕਿਸਾਨਾਂ ਦਾ ਫੁੱਲਾਂ ਨਾਲ ਸੁਆਗਤ ਕੀਤਾ ਜਾਵੇਗਾ।

ਇਸ ਤੋਂ ਬਾਅਦ ਫਤਿਹ ਮਾਰਚ ਹੋਵੇਗਾ, ਜੋ ਸਿੱਧਾ ਦਰਬਾਰ ਸਾਹਿਬ ਪਹੁੰਚੇਗਾ। ਕਿਸਾਨਾਂ ਦੀ ਚੜ੍ਹਦੀ ਕਲਾ ਲਈ ਸ਼ਨੀਵਾਰ ਤੋਂ ਆਰੰਭ ਹੋਏ ਪਾਠ ਦੇ ਭੋਗ ਪਾਏ ਜਾਣਗੇ। ਕਿਸਾਨਾਂ ਦੀ ਜਿੱਤ ‘ਤੇ ਅਰਦਾਸ ਕੀਤੀ ਜਾਵੇਗੀ, ਜਿਸ ‘ਚ ਸਮੂਹ ਜੱਥੇਬੰਦੀਆਂ ਦੇ ਸੀਨੀਅਰ ਆਗੂ ਹਾਜ਼ਰ ਹੋਣਗੇ | ਲੰਗਰ ਹਾਲ ਵਿੱਚ ਕਿਸਾਨਾਂ ਲਈ ਵਿਸ਼ੇਸ਼ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।