ਮੈਂ ਹਿੰਦੂ ਹਾਂ, ਹਿੰਦੂਤਵਵਾਦੀ ਨਹੀਂ : ਰਾਹੁਲ ਗਾਂਧੀ
ਮੈਂ ਹਿੰਦੂ ਹਾਂ, ਹਿੰਦੂਤਵਵਾਦੀ ਨਹੀਂ : ਰਾਹੁਲ ਗਾਂਧੀ
ਕਿਹਾ, ਦੇਸ਼ ਵਿਚ ਹਿੰਦੂਆਂ ਦਾ ਰਾਜ ਲਿਆਉਣਾ ਹੋਵੇਗਾ
ਜੈਪੁਰ, 12 ਦਸੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਸੱਤਾਧਾਰੀ ਸਰਕਾਰ ’ਤੇ ਹਿੰਦੂਤਵ ਨੂੰ ਲੈ ਕੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ’ਤੇ ਹਿੰਦੂਤਵਵਾਦੀਆਂ ਦਾ ਰਾਜ ਹੈ, ਹਿੰਦੂਆਂ ਦਾ ਨਹੀਂ। ਉਨ੍ਹਾਂ ਕਿਹਾ ਕਿ ਹਿੰਦੂਤਵਵਾਦੀਆਂ ਨੂੰ ਬਦਲ ਦੇ ਦੇਸ਼ ਵਿਚ ਹਿੰਦੂਆਂ ਦਾ ਰਾਜ ਲਿਆਉਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਿੰਦੂ ਹਨ ਪਰ ਹਿੰਦੂਤਵਵਾਦੀ ਨਹੀਂ।
ਇਥੇ ‘ਮਹਿੰਗਾਈ ਹਟਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਤਿੰਨ-ਚਾਰ ਹਿੰਦੂਤਵਵਾਦੀਆਂ ਨੇ ਸੱਤ ਸਾਲਾਂ ਵਿਚ ਦੇਸ਼ ਨੂੰ ਬਰਬਾਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਕ ਹਿੰਦੂਤਵੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਅਤੇ ਫਿਰ ਮਾਫ਼ੀ ਮੰਗੀ।
ਰਾਹੁਲ ਨੇ ਕਿਹਾ ਕਿ ਅੱਜ ਦੇਸ਼ ਦੀ ਰਾਜਨੀਤੀ ਵਿਚ ਦੋ ਸ਼ਬਦ ਹਿੰਦੂ ਅਤੇ ਹਿੰਦੂਤਵ ਦੀ ਟੱਕਰ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਸੱਤਿਆਗ੍ਰਹੀ ਹਨ ਤਾਂ ਹਿੰਦੂਤਵਵਾਦੀ ਸੱਤਾਧਾਰੀ ਆਗੂ ਹਨ। ਹਿੰਦੂ ਅਤੇ ਹਿੰਦੂਤਵ ਨੂੰ ਦੋ ਵੱਖ-ਵੱਖ ਸਬਦ ਦੱਸਦੇ ਹੋਏ ਰਾਹੁਲ ਨੇ ਕਿਹਾ ਕਿ ਜਿਸ ਤਰ੍ਹਾਂ ਦੋ ਜੀਵਾਂ ਦੀ ਇਕ ਆਤਮਾ ਨਹੀਂ ਹੋ ਸਕਦੀ, ਉਸੇ ਤਰ੍ਹਾਂ ਦੋ ਸਬਦਾਂ ਦਾ ਇਕੋ ਅਰਥ ਨਹੀਂ ਹੋ ਸਕਦਾ ਕਿਉਂਕਿ ਹਰ ਇਕ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਦੇਸ਼ ’ਚ ਵਧਦੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਨੇ ਜੈਪੁਰ ਦੇ ਵਿਦਿਆਨਗਰ ਸਟੇਡੀਅਮ ’ਚ ਇਹ ਰੈਲੀ ਕੀਤੀ। ਰੈਲੀ ਵਿਚ ਵੱਡੀ ਗਿਣਤੀ ’ਚ ਇਕੱਠੀ ਹੋਈ ਭੀੜ ਨੂੰ ਦੇਖ ਕੇ ਕਾਂਗਰਸੀ ਆਗੂ ਉਤਸ਼ਾਹਤ ਨਜ਼ਰ ਆਏ। ਇਸ ਵਿਚ ਰਾਜਸਥਾਨ ਦੇ ਨਾਲ-ਨਾਲ ਗੁਆਂਢੀ ਰਾਜਾਂ ਹਰਿਆਣਾ, ਪੰਜਾਬ, ਮੱਧ ਪ੍ਰਦੇਸ, ਦਿੱਲੀ ਆਦਿ ਦੇ ਲੋਕਾਂ ਅਤੇ ਦੇਸ਼ ਭਰ ਦੇ
ਕਾਂਗਰਸੀ ਆਗੂਆਂ ਨੇ ਸਮੂਲੀਅਤ ਕੀਤੀ।
ਰਾਹੁਲ ਗਾਂਧੀ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ, “ਦੋ ਜੀਵਾਂ ਦੀ ਇਕ ਆਤਮਾ ਨਹੀਂ ਹੋ ਸਕਦੀ, ਉਸੇ ਤਰ੍ਹਾਂ ਦੋ ਸ਼ਬਦਾਂ ਦਾ ਅਰਥ ਇਕੋ ਚੀਜ਼ ਨਹੀਂ ਹੋ ਸਕਦਾ ਕਿਉਂਕਿ ਹਰ ਇਕ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ।’’ ਅੱਜ ਦੇਸ਼ ਦੀ ਰਾਜਨੀਤੀ ਵਿਚ ਦੋ ਸ਼ਬਦਾਂ ਦੀ ਟੱਕਰ ਹੈ। ਦੋ ਵੱਖ-ਵੱਖ ਸਬਦਾਂ ਦੀ। ਇਨ੍ਹਾਂ ਦੇ ਅਰਥ ਵੱਖਰੇ ਹਨ। ਇਕ ਸ਼ਬਦ ਹਿੰਦੂ, ਦੂਜਾ ਸ਼ਬਦ ਹਿੰਦੂਤਵ। ਇਹ ਕੋਈ ਚੀਜ਼ ਨਹੀਂ ਹੈ। ਇਹ ਦੋ ਵੱਖ-ਵੱਖ ਸ਼ਬਦ ਹਨ। ਅਤੇ ਉਨ੍ਹਾਂ ਦਾ ਮਤਲਬ ਬਿਲਕੁਲ ਵੱਖਰਾ ਹੈ। ਮੈਂ ਹਿੰਦੂ ਹਾਂ, ਪਰ ਹਿੰਦੂਤਵਵਾਦੀ ਨਹੀਂ।
ਉਨ੍ਹਾਂ ਕਿਹਾ ਕਿ ਉਹ ਅੱਜ ਮੌਜੂਦ ਲੋਕਾਂ ਨੂੰ ਹਿੰਦੂ ਅਤੇ ਹਿੰਦੂਤਵ ਸ਼ਬਦਾਂ ਵਿਚ ਅੰਤਰ ਦੱਸਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਮਹਾਤਮਾ ਗਾਂਧੀ ਹਿੰਦੂ... ਗੋਡਸੇ ਹਿੰਦੂਤਵਵਾਦੀ। ਫਰਕ ਕੀ ਹੈ? ਫਰਕ ਮੈਂ ਤੁਹਾਨੂੰ ਦੱਸਾਂਗਾ। ਭਾਵੇਂ ਕੁੱਝ ਵੀ ਹੋ ਜਾਵੇ ਹਿੰਦੂ ਸੱਚ ਦੀ ਭਾਲ ਕਰਦਾ ਹੈ। ਮਰ ਜਾਵੇ, ਵਢਿਆ ਜਾਵੇ, ਕੁਚਲਿਆ ਜਾਵੇ ਹਿੰਦੂ ਸੱਚ ਦੀ ਖੋਜ ਕਰਦਾ ਹੈ। ਉਸਦਾ ਮਾਰਗ ਸਤਿਆਗ੍ਰਹਿ ਹੈ। ਉਹ ਅਪਣਾ ਸਾਰਾ ਜੀਵਨ ਸੱਚ ਦੀ ਖੋਜ ਵਿਚ ਲਗਾ ਦਿੰਦਾ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਅਪਣੀ ਪੂਰੀ ਜ਼ਿੰਦਗੀ ਸੱਚਾਈ ਦੀ ਖੋਜ ਵਿਚ ਲਗਾ ਦਿਤੀ ਅਤੇ ਅੰਤ ਵਿਚ ਇਕ ਹਿੰਦੂਤਵਵਾਦੀ ਨੇ ਉਨ੍ਹਾਂ ਦੀ ਛਾਤੀ ਵਿਚ ਤਿੰਨ ਗੋਲੀਆਂ ਮਾਰੀਆਂ। ਹਿੰਦੂਤਵਵਾਦੀ ਅਪਣੀ ਸਾਰੀ ਉਮਰ ਸੱਤਾ ਦੀ ਭਾਲ ਵਿਚ ਲਗਾ ਦਿੰਦਾ ਹੈ। ਉਹ ਸਿਰਫ਼ ਸੱਤਾ ਚਾਹੁੰਦਾ ਹੈ ਅਤੇ ਇਸ ਲਈ ਕੁੱਝ ਵੀ ਕਰ ਦੇਵੇਗਾ। ...ਉਸ ਦਾ ਮਾਰਗ ਸਤਿਆਗ੍ਰਹਿ ਨਹੀਂ, ਉਸਦਾ ਮਾਰਗ ਸੱਤਾਗ੍ਰਹਿ ਹੈ।
ਰਾਹੁਲ ਨੇ ਕਿਹਾ, ‘ਇਹ ਦੇਸ਼ ਹਿੰਦੂਆਂ ਦਾ ਦੇਸ਼ ਹੈ, ਹਿੰਦੂਤਵਵਾਦੀਆਂ ਦਾ ਨਹੀਂ ਅਤੇ ਅੱਜ ਜੇਕਰ ਇਸ ਦੇਸ਼ ’ਚ ਮਹਿੰਗਾਈ ਹੈ, ਦਰਦ ਹੈ ਤਾਂ ਇਹ ਕੰਮ ਹਿੰਦੂਤਵਵਾਦੀਆਂ ਨੇ ਕੀਤਾ ਹੈ। ਹਿੰਦੂਤਵਵਾਦੀ ਕਿਸੇ ਵੀ ਹਾਲਤ ਵਿਚ ਸੱਤਾ ਚਾਹੁੰਦੇ ਹਨ.. ਉਨ੍ਹਾਂ ਦਾ ਸੱਚ ਨਾਲ ਕੋਈ ਲੈਣਾ-ਦੇਣਾ ਨਹੀਂ ਹੈ... 2014 ਤੋਂ ਇਨ੍ਹਾਂ ਲੋਕਾਂ ਦਾ ਰਾਜ ਹੈ ਹਿੰਦੂਆਂ ਦਾ ਨਹੀਂ। ਅਤੇ ਸਾਨੂੰ ਹਿੰਦੂਤਵਵਾਦੀਆਂ ਨੂੰ ਬਾਹਰ ਕੱਢਣਾ ਹੈ ਤੇ ਇਕ ਵਾਰ ਫਿਰ ਹਿੰਦੂਆਂ ਦਾ ਰਾਜ ਲਿਆਉਣਾ ਹੈ।’’
(ਏਜੰਸੀ)
ਘੁਮੰਡ ਵਿਚ ਚੱਲ ਰਹੀ ਹੈ ਕੇਂਦਰ ਸਰਕਾਰ : ਗਹਿਲੋਤ
ਜੈਪੁਰ, 12 ਦਸੰਬਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਘਮੰਡ ਵਿਚ ਅਤੇ ਹੰਕਾਰ ਵਿਚ ਇਹ ਸਰਕਾਰ ਚੱਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸੋਚ ਫ਼ਾਸੀਵਾਦੀ ਅਤੇ ਲੋਕਤੰਤਰ ਵਿਰੋਧੀ ਹੈ। ‘ਮਹਿੰਗਾਈ ਹਟਾਓ ਰੈਲੀ’ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਕਿਹਾ ਕਿਸਾਨਾਂ ਦਾ ਅੰਦੋਲਨ ਇਕ ਸਾਲ ਤੋਂ ਵੱਧ ਸਮੇਂ ਤਕ ਚੱਲਣਾ, ਦੁਨੀਆ ਦੇ ਇਤਿਹਾਸ ’ਚ ਕਾਲੇ ਅਖੱਰਾਂ ਵਿਚ ਲਿਖਿਆ ਜਾਵੇਗਾ। ਅੱਜ ਸਰਕਾਰ ਨੂੰ ਝੁੱਕ ਕੇ ਦੇਸ਼ਵਾਸੀਆਂ ਤੋਂ ਮਾਫ਼ੀ ਮੰਗਣੀ ਪੈ ਰਹੀ ਹੈ, ਇਸ ਦੀ ਨੌਬਤ ਕਿਉਂ ਆਈ ਹੈ ਇਹ ਸੋਚਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਨਾਲ ਜੋ ਨੀਤੀ ਅਪਣਾ ਰਹੀ ਹੈ ਉਹ ਬਹੁਤ ਖ਼ਤਰਨਾਕ ਨੀਤੀ ਹੈ....ਇਹ ਰਾਜਾਂ ਨੂੰ ਕਮਜ਼ੋਰ ਕਰਨ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਕੋਈ ਮੰਗ ਕਰਨ ’ਤੇ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਹੈ। ਪ੍ਰਧਾਨ ਮੰਤਰੀ ਨੂੰ ਕੋਈ ਪੱਤਰ ਲਿਖੋ ਤਾਂ ਜਵਾਬ ਆਉਂਦੇ ਨਹੀਂ ਹਨ। ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜੋ ਮੁੱਖ ਮੰਤਰੀ ਦੇ ਪੱਤਰਾਂ ਦਾ ਜਵਾਬ ਨਹੀਂ ਦੇ ਰਹੇ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਕਿਸੇ ਪਾਸੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਰੈਲੀ ਕੈਲੀ ਕੇਂਦਰ ’ਚ ਕਾਬਿਜ਼ ਮੋਦੀ ਸਰਕਾਰ ਦੇ ਪਤਨ ਦੀ ਸ਼ੁਰੂਆਤ ਵਜੋਂ ਮੰਨੀ ਜਾਵੇਗੀ।
(ਏਜੰਸੀ)