ਮੈਨੂੰ ਜ਼ਿਆਦਾ ਮੱਖਣ ਲਗਾਉਣ ਵਾਲੇ ਲੋਕ ਪਸੰਦ ਨਹੀਂ : CM ਚੰਨੀ
''ਮੈਨੂੰ ਮੇਰੀਆਂ ਗ਼ਲਤੀਆਂ ਜ਼ਰੂਰ ਦਸਿਆ ਕਰੋ ਤਾਕਿ ਮੈਂ ਪੰਜਾਬ ਵਾਸਤੇ ਸੁਧਾਰ ਕਰ ਸਕਾਂ''
ਚੰਡੀਗੜ੍ਹ (ਅੰਕੁਰ ਤਾਂਗੜੀ): ‘ਅਸੀਂ ਚੰਨੀ ਦੇ ਬੰਦੇ ਹਾਂ ਜੀ...’ ਇਹ ਸ਼ਬਦ ਅੱਜਕੱਲ੍ਹ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਪਣੇ ਹਲਕੇ ਚਮਕੌਰ ਸਾਹਿਬ, ਮੋਰਿੰਡਾ, ਰੋਪੜ, ਖਰੜ ਵਿਚ ਹਰ ਪੁਲਿਸ ਨਾਕੇ ਦੌਰਾਨ ਪੁਲਿਸ ਵਾਲਿਆਂ ਨੂੰ ਸੁਣਨ ਨੂੰ ਮਿਲਦੇ ਹਨ। ਆਲਮ ਇਹ ਹੈ ਕਿ ਪੂਰੇ ਪੰਜਾਬ ਵਿਚ ਮੁੱਖ ਮੰਤਰੀ ਚੰਨੀ ਦੇ ਸਾਧਾਰਣ ਆਦਮੀ ਵਜੋਂ ਉਭਰੇ ਨੇਤਾ ਦਾ ਨਾਂ ਅੱਜਕਲ ਹਰ ਆਦਮੀ ਦੀ ਜ਼ੁਬਾਨ ’ਤੇ ਹੈ।
ਪਿਛਲੇ ਦਿਨੀਂ ਸੁਖਬੀਰ ਬਾਦਲ ਦੀ ਇਕ ਵੀਡਿਉ ਵਾਇਰਲ ਹੋਈ ਸੀ ਕਿ ਸਾਡੇ ਇਲਾਕੇ ਵਿਚ ਕੋਈ ਵੀ ਹੈਲਮਟ ਪਾ ਕੇ ਦੋ ਵਾਹਨ ਨਹੀਂ ਚਲਾਉਂਦਾ। ਹਰ ਕੋਈ ਕਹਿ ਦਿੰਦਾ ਹੈ ਕਿ ਅਸੀਂ ਸੁਖਬੀਰ ਦੇ ਬੰਦੇ ਹਾਂ। ਸੁਖਬੀਰ ਬਾਦਲ ਦੀਆਂ ਇਹ ਗੱਲਾਂ ਫਿਰ ਸੋਸ਼ਲ ਮੀਡੀਆ ਤਕ ਹੀ ਸੀਮਿਤ ਰਹਿ ਗਈਆਂ ਪਰ ਜਦੋਂ ਅੱਜ ਮੋਰਿੰਡਾ ਤੋਂ ਚੰਡੀਗੜ੍ਹ ਜਾ ਰਹੇ ਇਕ ਨਾਕੇ ’ਤੇ ਪੁਲਿਸ ਮੁਲਾਜ਼ਮ ਨੇ ਦਸਿਆ ਕਿ ਵਾਕਿਆ ਹੀ ਸਰਕਾਰ ਹੋਵੇ ਤਾਂ ਚੰਨੀ ਦੀ ਹੋਵੇ ਨਹੀਂ ਤਾਂ ਨਾ ਹੋਵੇ। ਉਨ੍ਹਾਂ ਦਸਿਆ ਕਿ ਅੱਜਕੱਲ੍ਹ ਚੰਨੀ ਮੁੱਖ ਮੰਤਰੀ ਦੇ ਚਰਚੇ ਪੂਰੇ ਪੰਜਾਬ ਵਿਚ ਹਨ।
ਇਕ ਵਾਕਿਆ ਸਾਂਝਾ ਕਰਦਿਆਂ ਪੁਲਿਸ ਨੇ ਦਸਿਆ ਕਿ ਇਕ ਵਿਆਹ ਸਮਾਗਮ ਤੇ ਛੇ ਬੰਦੇ ਗੱਡੀ ਵਿਚ ਬੈਠ ਕੇ ਜਾ ਰਹੇ ਸਨ ਤਾਂ ਅਸੀਂ ਉਨ੍ਹਾਂ ਤੋਂ ਗੱਡੀ ਦੇ ਕਾਗ਼ਜ਼ ਮੰਗੇ ਅੱਗੋਂ। ਇਕ ਨੌਜਵਾਨ ਬੋਲਿਆ ਕਿ ਅਸੀਂ ਚੰਨੀ ਮੁੱਖ ਮੰਤਰੀ ਦੇ ਬੰਦੇ ਹਾਂ ਹਾਲਾਂਕਿ ਉਨ੍ਹਾਂ ਨੇ ਗੱਡੀ ਦੇ ਕਾਗ਼ਜ਼ ਵੀ ਚੈੱਕ ਕਰਵਾ ਦਿਤੇ। ਬੇਸ਼ਕ ਪੰਜਾਬ ਦੇ ਮੁੱਖ ਮੰਤਰੀ ਚੰਨੀ ਦਾ ਵਿਰੋਧੀ ਪਾਰਟੀਆਂ ਹਰ ਗੱਲ ਉੱਤੇ ਵਿਰੋਧ ਕਰਦੀਆਂ ਹੋਣ ਪਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਵੀ ਅਪਣੇ ਸੁਭਾਅ ਵਿਚ ਕੋਈ ਬਦਲਾਅ ਨਹੀਂ ਲਿਆਂਦਾ।
ਚੰਨੀ ਦੇ ਹਲਕੇ ਦਾ ਦੌਰਾ ਕਰਦਿਆਂ ਜਦੋਂ ਅਸੀਂ ਉਨ੍ਹਾਂ ਦੇ ਹਲਕੇ ਦੇ ਹੀ ਦਸ ਵਿਅਕਤੀਆਂ ਤੋਂ ਪੁਛਿਆ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਕਿਹਾ ਕਿ ਸਾਨੂੰ ਤਾਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦਾ ਬਹੁਤ ਚਾਅ ਹੈ ਕਿ ਸਾਡੇ ਏਰੀਏ ਦਾ ਮੁੱਖ ਮੰਤਰੀ ਚੰਨੀ ਹੈ। ਚੰਨੀ ਦੇ ਏਰੀਆ ਵਿਚ ਜਦੋਂ ਅਸੀਂ ਕਿਸੇ ਨੂੰ ਵੀ ਪੁਛਦੇ ਹਾਂ ਕਿ ਚੰਨੀ ਤੁਹਾਨੂੰ ਜਾਣਦਾ ਹੈ ਤਾਂ ਜ਼ਿਆਦਾਤਰ ਵਿਅਕਤੀ ਇਹੀ ਕਹਿੰਦੇ ਹਨ ਕਿ ਚੰਨੀ ਸਾਡੇ ਘਰ ਪੰਜ-ਛੇ ਵਾਰੀ ਆਇਆ ਹੋਇਆ ਹੈ। ਚੰਨੀ ਦੇ ਏਰੀਏ ਦਾ ਆਲਮ ਇਹ ਹੈ ਕਿ ਪੁਲਿਸ ਸਾਹਮਣੇ ਵੀ ਜੇਕਰ ਕੋਈ ਆਮ ਵਿਅਕਤੀ ਕਹਿ ਦਿੰਦਾ ਹੈ ਕਿ ‘‘ਅਸੀਂ ਚੰਨੀ ਦੇ ਬੰਦੇ ਹਾਂ’’ ਤਾਂ ਪੁਲਿਸ ਜ਼ਿਆਦਾ ਕੁੱਝ ਨਾ ਪੁਛਦਿਆਂ ਹੋਇਆਂ
ਉਨ੍ਹਾਂ ਨੂੰ ਛੱਡ ਦਿੰਦੀ ਹੈ। ਪਿਛਲੇ ਦਿਨੀਂ ਚੰਨੀ ਵਲੋਂ ਪੱਤਰਕਾਰਾਂ ਲਈ ਇਕ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ ਉਥੇ ਅਸੀਂ ਦੇਖਿਆ ਕਿ ਪੱਤਰਕਾਰ ਚਰਨਜੀਤ ਸਿੰਘ ਚੰਨੀ ਨਾਲ ਏਦਾਂ ਗੱਲ ਕਰਦੇ ਰਹੇ ਜਿਵੇਂ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਬਚਪਨ ਦਾ ਦੋਸਤ ਹੋਵੇ। ਚੰਨੀ ਨੇ ਹਰ ਪੱਤਰਕਾਰ ਨਾਲ ਫ਼ੋਟੋਆਂ ਖਿਚਵਾਈਆਂ ਤੇ ਹਰ ਪੱਤਰਕਾਰ ਨਾਲ ਬਹੁਤੀ ਨਰਮੀ ਨਾਲ ਮਿਲੇ ਅਤੇ ਉਨ੍ਹਾਂ ਦੇ ਸੁਝਾਅ ਵੀ ਪੁੱਛੇ। ਉਨ੍ਹਾਂ ਨੇ ਉਥੇ ਸਾਫ਼ ਕਿਹਾ,‘‘ਮੈਨੂੰ ਮੇਰੀਆਂ ਗ਼ਲਤੀਆਂ ਜ਼ਰੂਰ ਦਸਿਆ ਕਰੋ ਤਾਕਿ ਮੈਂ ਪੰਜਾਬ ਵਾਸਤੇ ਸੁਧਾਰ ਕਰ ਸਕਾਂ।’’ ਉਨ੍ਹਾਂ ਕਿਹਾ ਕਿ ਮੈਨੂੰ ਜ਼ਿਆਦਾ ਮੱਖਣ ਲਗਾਉਣ ਵਾਲੇ ਪੱਤਰਕਾਰ ਜਾਂ ਲੋਕ ਪਸੰਦ ਨਹੀਂ ਹਨ। ਮੈਨੂੰ ਤੁਸੀਂ ਸੁਝਾਅ ਦਿਆ ਕਰੋ ਕਿ ਮੈਨੂੰ ਪੰਜਾਬ ਵਾਸਤੇ ਕਿਸ ਤਰ੍ਹਾਂ ਕੰਮ ਕਰਨੇ ਚਾਹੀਦੇ ਹਨ।